ਘਾੜ ਦੀ ਤਿਰਵੈਣੀ: ਬੁੱਦਕੀ, ਸੁੱਘ ਰਾਉ ਅਤੇ ਸੀਸਵਾਂ ਨਦੀਆਂ
ਸਰਸਾ ਨਦੀ ਦੇ ਦੱਖਣ ਵਿੱਚ ਅਤੇ ਸ਼ਿਵਾਲਿਕ ਪਹਾੜਾਂ ਦੇ ਪੈਰਾਂ ਵਿੱਚ ਰੋਪੜ (ਹੁਣ ਰੂਪਨਗਰ) ਤੋਂ ਚੰਡੀਗੜ੍ਹ ਦੇ ਵਿਚਕਾਰਲੇ ਖਿੱਤੇ ਨੂੰ ਘਾੜ ਕਹਿੰਦੇ ਹਨ। ਸਰਸਾ ਨਦੀ ਦੇ ਉੱਤਰ ਵਿੱਚ ਅਜਿਹੇ ਇਲਾਕੇ ਦਾ ਨਾਮ ਚੰਗਰ ਹੈ ਜਿਹੜਾ ਆਨੰਦਪੁਰ ਸਾਹਿਬ ਬਲਾਕ ਦਾ ਹਿੱਸਾ ਹੈ। ਬੋਲੀ ਅਤੇ ਜੁਗਰਾਫ਼ੀਏ ਪੱਖੋਂ ਘਾੜ ਦਾ ਖਾਸ ਖਿੱਤਾ ਨਾਵਲਕਾਰ ਜਸਬੀਰ ਮੰਡ ਦੇ ਸ਼ਬਦਾਂ ਵਿੱਚ ਰੋਪੜ ਤੋਂ ਧਨਾਸ (ਚੰਡੀਗੜ੍ਹ) ਤੱਕ ਫੈਲਿਆ ਹੋਇਆ ਹੈ। ਜਸਬੀਰ ਮੰਡ ਦਾ ਪਿੰਡ ਹਿਰਦੇਪੁਰ ਘਾੜ ਦੇ ਕੇਂਦਰ ਵਿੱਚ ਹੈ। ਦਰਸ਼ਨ ਸਿੰਘ ਮਾਣਕੂ ਨੇ ‘ਪੰਜਾਬ ਦਾ ਭੂਗੋਲ’ ਵਿੱਚ ਨੂਰਪੁਰ ਬੇਦੀ ਬਲਾਕ ਦੇ ਪੱਛਮ ਤੋਂ ਸ਼ਿਵਾਲਿਕ ਦੇ ਪੂਰਬ ਤੱਕ ਦੇ ਹਿੱਸੇ ਨੂੰ ਵੀ ਘਾੜ ਕਿਹਾ ਹੈ। ਇਹ ਸ਼ਿਵਾਲਿਕ ਪਹਾੜਾਂ ਤੋਂ ਮੈਦਾਨ ਵੱਲ ਨੂੰ 10-12 ਕਿਲੋਮੀਟਰ ਚੌੜਾ ਹੁੰਦਾ ਹੈ। ਰੋਪੜ ਤੋਂ ਚੰਡੀਗੜ੍ਹ ਤੱਕ ਜਰਨੈਲੀ ਸੜਕ ਘਾੜ ਦੀ ਪੱਛਮੀ ਸਰਹੱਦ ਬਣਦੀ ਹੈ। ਘਾੜ ਦਾ ਖਿੱਤਾ ਹਿਮਾਲਿਆ ਦੀ ਤਰਾਈ ਜਾਂ ਨੀਮ ਪਹਾੜੀ ਹਿੱਸੇ ਵਿੱਚ ਆਉਂਦਾ ਹੈ। ਸਹਾਰਨਪੁਰ-ਹਰਿਦੁਆਰ ਵਿੱਚ ਇਸ ਖਿੱਤੇ ਲਈ ਘਾਰ ਜਾਂ ਘਾੜ ਸ਼ਬਦ ਹੀ ਵਰਤਿਆ ਜਾਂਦਾ ਹੈ। ਇਹਦਾ ਮਤਲਬ ਘਾੜ ਦਾ ਇਲਾਕਾ ਹਿਮਾਲਿਆ ਦੀ ਤਰਾਈ ਵਿੱਚ ਧੁਰ ਪੂਰਬ ਤੱਕ ਫੈਲਿਆ ਹੋਇਆ ਹੈ। ਅਸੀਂ ਜਿਸ ਇਲਾਕੇ ਦੀ ਗੱਲ ਕਰਨੀ ਹੈ। ਉਹ ਰੋਪੜ ਤੋਂ ਚੰਡੀਗੜ੍ਹ ਵਿਚਕਾਰਲਾ ਖਿੱਤਾ ਹੈ।
ਜਸਬੀਰ ਮੰਡ ਹੋਰੀਂ ਯਾਦ ਕਰਦੇ ਹਨ ਕਿ ਨੱਬੇਵਿਆਂ ਤੋਂ ਪਹਿਲਾਂ ਢਾਹੇ ਦਾ ਖਿੱਤਾ ਘਾੜ ਤੋਂ ਵੱਧ ਖ਼ੁਸ਼ਹਾਲ ਸੀ। ਖੇਤੀ ਲਈ ਵਰਤੇ ਜਾਂਦੇ ਟਰੈਕਟਰ ਜਵਾਨੀ ਢਾਹੇ ਵਿੱਚ ਪਰ ਬੁਢਾਪਾ ਘਾੜ ਵਿੱਚ ਬਤੀਤ ਕਰਦੇ ਸਨ। ਬੁੱਢੇ ਟਰੈਕਟਰਾਂ ਨੂੰ ਘਾੜ ਦੇ ਲੋਕ ਢਾਹੇ ਤੋਂ ਖਰੀਦ ਕੇ ਲਿਆਉਂਦੇ ਸਨ। ਨਵੇਂ ਟਰੈਕਟਰ ਖਰੀਦਣ ਦੀ ਘਾੜ ਵਾਲਿਆਂ ਵਿੱਚ ਬੁੱਕਤ ਨਹੀਂ ਹੁੰਦੀ ਸੀ ਕਿਉਂਕਿ ਇੱਥੇ ਇੱਕ-ਫ਼ਸਲੀ ਜ਼ਮੀਨ ਸੀ। ਬੇਸ਼ੱਕ ਹੁਣ ਸਾਲ ਵਿੱਚ ਦੋ ਫ਼ਸਲਾਂ ਹੋਣ ਲੱਗੀਆਂ ਹਨ। ਢਾਹੇ ਤੋਂ ਮੰਡ ਹੋਰਾਂ ਦਾ ਭਾਵ ਖੁਮਾਣੋ-ਸੰਘੋਲ-ਸਮਰਾਲਾ-ਮਾਛੀਵਾੜਾ-ਸਾਹਨੇਵਾਲ-ਦੋਰਾਹਾ-ਖੰਨਾ ਇਲਾਕੇ ਤੋਂ ਹੈ। ਇਹ ਇਲਾਕਾ ਢਾਹੇ ਦਾ ਇਲਾਕਾ ਸੱਦਿਆ ਜਾਂਦਾ ਹੈ। ਮੁੱਢ ਤੋਂ ਇਸ ਇਲਾਕੇ ਵਿੱਚ ਖੂਹਾਂ ਅਤੇ ਵਹਿਣਾਂ ਦੀ ਵੱਡੀ ਤਾਦਾਦ ਹੋਣ ਕਰਕੇ ਚੰਗੀ ਖੇਤੀ ਹੁੰਦੀ ਰਹੀ ਹੈ। ਇਸ ਕਰਕੇ ਢਾਹੇ ਦੇ ਇਲਾਕੇ ਨੂੰ ‘ਰੱਬੀ ਦਾ ਮੁਲਕ’ ਕਹਿੰਦੇ ਸਨ। ਇੱਥੇ ਰੱਬੀ (ਹਾੜੀ) ਰੁੱਤ ਦੀਆਂ ਭਰਵੀਆਂ ਫ਼ਸਲਾਂ ਹੁੰਦੀਆਂ ਸਨ।
ਘਾੜ ਦੀਆਂ ਮੁੱਖ ਨਦੀਆਂ ਵਿੱਚ ਬੁੱਦਕੀ, ਸੁੱਘ ਰਾਓ, ਹਰੀਪੁਰ ਨਦੀ, ਸੀਸਵਾਂ, ਜੈਂਤੀਆ ਦੇਵੀ ਕੀ ਰਾਓ ਅਤੇ ਪਟਿਆਲਾ ਕੀ ਰਾਓ ਸ਼ਾਮਿਲ ਹਨ। ਆਖਰੀ ਦੋ ਨਦੀਆਂ ਘੱਗਰ ਵਿੱਚ ਡਿਗਦੀਆਂ ਹਨ। ਪਹਿਲੀਆਂ ਚਾਰ ਸਤਲੁਜ ਵਿੱਚ ਲੀਨ ਹੋ ਜਾਂਦੀਆਂ ਹਨ। ਜਿਨ੍ਹਾਂ ਬਾਬਤ ਕਿਆਸ ਹੈ ਕਿ ਇਹ ਪਹਿਲਾਂ ਘੱਗਰ ਵਿੱਚ ਡਿੱਗਦੀਆਂ ਹੋਣਗੀਆਂ। ਅਜਿਹੇ ਦਾਅਵੇ ਲਈ ਮੇਰੇ ਕੋਲ ਕੋਈ ਸਬੂਤ ਨਹੀਂ ਹੈ। ਬੁੱਦਕੀ, ਸੁੱਘ ਰਾਓ ਅਤੇ ਹਰੀਪੁਰ ਨਦੀਆਂ ਦਾ ਵਹਿਣ ਸਤਲੁਜ ਵਿੱਚ ਮਿਲਣ ਤੋਂ ਪਹਿਲਾਂ ਸਾਂਝਾ ਹੋ ਜਾਂਦਾ ਹੈ ਪਰ ਸੀਸਵਾਂ ਆਜ਼ਾਦ ਰੂਪ ਵਿੱਚ ਵਗਦੀ ਹੋਈ ਸਤਲੁਜ ਵਿੱਚ ਡਿੱਗਦੀ ਹੈ। 1872 ਦੇ ਨਕਸ਼ੇ ਵਿੱਚ ਤਿੰਨੇ ਨਦੀਆਂ ਆਜ਼ਾਦ ਵਗਦੀਆਂ ਹੋਈਆਂ ਸਤਲੁਜ ਵਿੱਚ ਡਿੱਗਦੀਆਂ ਹਨ। ਪੰਜਾਬ ਦੀਆਂ ਛੋਟੀਆਂ ਨਦੀਆਂ ਵਿੱਚੋਂ ਸਤਲੁਜ ਨੂੰ ਸਭ ਤੋਂ ਵੱਧ ਪਾਣੀ ਮੁਹੱਈਆ ਕਰਵਾਉਣ ਵਾਲੀ ਨਦੀ ਬੁੱਦਕੀ ਹੈ।
ਘਾੜ ਵਿੱਚ ਵਹਿਣਾਂ ਨੂੰ ਰਾਓ, ਖੱਡ, ਸਿਰਸਾ, ਚੋਆ ਅਤੇ ਚੋਈ ਕਿਹਾ ਜਾਂਦਾ ਹੈ। ਇਨ੍ਹਾਂ ਵਹਿਣਾਂ ਦੇ ਕੰਢੇ ਅੰਬਾਂ ਦਾ ਰੁੱਖ ਬੇਸ਼ੁਮਾਰ ਹੁੰਦੇ ਸਨ ਜੋ ਹੁਣ ਨਹੀਂ ਰਹੇ। ਖਿੱਤੇ ਦਾ ਨਾਮ ਪਾਣੀਆਂ ਦੀਆਂ ਪਾਈਆਂ ਘਾਰਾਂ ਤੋਂ ਘਾੜ ਪਿਆ ਹੋਵੇਗਾ ਜਾਂ ਧਰਤੀ ਉੱਤੇ ਪਈਆਂ ਪਾਣੀ ਦੀਆਂ ਧਾਰਾਂ ਤੋਂ ਘਾਰ ਅਤੇ ਘਾੜ ਬਣਿਆ ਹੋਵੇਗਾ। ਇਨ੍ਹਾਂ ਨਦੀਆਂ ਦੀਆਂ ਆਪਣੀਆਂ ਛੋਟੀਆਂ ਛੋਟੀਆਂ ਵਾਦੀਆਂ ਅਤੇ ਢਾਹੇ ਹਨ। ਇਨ੍ਹਾਂ ਵਾਦੀਆਂ ਨੂੰ ਖੋਲ੍ਹਾਂ ਕਿਹਾ ਜਾਂਦਾ ਹੈ। ਕੁਝ ਪਿੰਡਾਂ ਦੇ ਨਾਵਾਂ ਉੱਤੇ ਖੋਲ੍ਹਾਂ ਦੇ ਨਾਮ ਹਨ ਜਿਵੇਂ ਮਾਜਰੀ ਕੀ ਖੋਲ੍ਹ, ਬਰਦਾਰ ਕੀ ਖੋਲ੍ਹ, ਕਰੋੜਾ ਕੀ ਖੋਲ੍ਹ, ਟਾਂਡੀ ਕੀ ਖੋਲ੍ਹ ਵਗੈਰਾ। ਖੋਲ੍ਹਾਂ ਦੀ ਜ਼ਰਖ਼ੇਜ਼ ਜ਼ਮੀਨ ਨੇ ਇਸ ਖਿੱਤੇ ਨੂੰ ਘਾੜ ਦੇ ਮਿੱਠੇ ਗੁੜ ਲਈ ਮਸ਼ਹੂਰ ਕਰੀ ਰੱਖਿਆ ਹੈ। ਕੁਬੇੜੀ (ਕੁੱਬਾਹੇੜੀ) ਦੀ ਗੁੜ ਵਾਲੀ ਪੇਸੀ ਘਾੜ ਦੀ ਸ਼ਾਨ ਹੈ।
“ਘਾੜ ਦੇ ਇਲਾਕੇ ਦਾ ਨਜ਼ਾਰਾ”
ਜਸਬੀਰ ਮੰਡ ਦੇ ਨਾਵਲ ਘਾੜ ਦੇ ਖਿੱਤੇ ਦੀ ਜ਼ਿੰਦਗੀ ਦਾ ਸ਼ੀਸ਼ਾ ਹਨ। ਘਾੜ ਦੀ ਜ਼ਿੰਦਗੀ ਅਤੇ ਭੂਗੋਲ ਨੂੰ ਸਮਝਣ ਲਈ ਜਸਬੀਰ ਮੰਡ ਦੇ ਨਾਵਲ ਪੜ੍ਹੇ ਜਾ ਸਕਦੇ ਹਨ। ਉਨ੍ਹਾਂ ਦਾ ਨਾਵਲ ‘ਆਖਰੀ ਬਾਬੇ’ ਘਾੜ ਦੀਆਂ ਨਦੀਆਂ ਨਾਲ ਜੁੜੇ ਲੋਕਾਂ ਦੇ ਅਹਿਸਾਸ ਅਤੇ ਜ਼ਿੰਦਗੀ ਨੂੰ ਸਾਕਾਰ ਕਰਦਾ ਹੈ। ਕੰਨੀਆਂ ਉੱਤੇ ਧੱਕਿਆ ਅਵਾਮੀ ਅਤੇ ਅਣਗੌਲੇ ਖਿੱਤਿਆਂ ਦਾ ਇਤਿਹਾਸ ਕਲਾ ਰਾਹੀਂ ਪੇਸ਼ ਹੁੰਦਾ ਹੈ। ਮੁੱਖਧਾਰਾ ਦੇ ਇਤਿਹਾਸ ਵਿੱਚੋਂ ਇਨ੍ਹਾਂ ਨੂੰ ਮਨਫ਼ੀ ਕਰ ਦਿੱਤਾ ਜਾਂਦਾ ਹੈ। ਬਹੁਤਾ ਭੂਗੋਲ ਅਤੇ ਇਤਿਹਾਸ ਮੋਟੀਆਂ ਧਾਰਨਾਵਾਂ ਵਿੱਚ ਸੁੰਗੜ ਜਾਂਦਾ ਹੈ ਜਿਵੇਂ ਮਾਝਾ, ਦੁਆਬਾ, ਮਾਲਵਾ ਅਤੇ ਪੁਆਧ। ਸਤਲੁਜ ਦੇ ਦੱਖਣ ਅਤੇ ਪੂਰਬ ਵਿੱਚ ਅਜਿਹੇ ਕਈ ਖਿੱਤੇ ਰਹੇ ਹਨ ਜਿਵੇਂ ਢਾਹਾ, ਬੇਟ, ਘਾੜ, ਚੰਗਰ (ਅਤੇ ਬੀਤ), ਬੇਲਾ, ਦੰਦਾ, ਹਿਠਾੜ, ਉਤਾੜ, ਤਿਹਾੜਾ, ਬਾਹੀਆ, ਜੰਗਲ, ਬਾਗੜ, ਬਾਂਗਰ, ਕੋਟਕਪੂਰਾ ਪਠਾਰ, ਮੁਕਤਸਰ ਰੋਹੀ, ਨੈਂ ਦਾ ਮੁਲਕ ਅਤੇ ਲੱਖੀ ਜੰਗਲ। ਕਲਾ ਨੇ ਹੀ ਇਨ੍ਹਾਂ ਖਿੱਤਿਆਂ ਦੀ ਬਾਤ ਪਾਈ ਹੈ ਜਿਵੇਂ ਜਸਬੀਰ ਮੰਡ ਵਰਗੇ ਨਾਵਲਕਾਰਾਂ ਨੇ ਮੈਦਾਨ ਸੰਭਾਲਿਆ ਹੋਇਆ ਹੈ।
ਘਾੜ ਦਾ ਇਤਿਹਾਸ ਮੁੱਢ ਕਦੀਮ ਨਾਲ ਜੁੜਿਆ ਹੋਇਆ ਹੈ। ਬਰਫ਼-ਯੁੱਗ ਖਤਮ ਹੋਣ ਤੋਂ ਬਾਅਦ ਮਨੁੱਖ ਪਹਾੜਾਂ ਤੋਂ ਉੱਤਰਿਆ ਹੋਵੇਗਾ ਤਾਂ ਉਹਨੇ ਸਭ ਤੋਂ ਪਹਿਲਾਂ ਇਸ ਇਲਾਕੇ ਵਿੱਚ ਵਸੇਬ ਕੀਤਾ ਹੋਵੇਗਾ। ਇਸ ਖਿੱਤੇ ਵਿੱਚੋਂ ਪੱਥਰ ਯੁੱਗ ਦੀਆਂ ਨਿਸ਼ਾਨੀਆਂ ਮਿਲਦੀਆਂ ਹਨ। ਇਹ ਖਿੱਤਾ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਅਤੇ ਮਸ਼ਹੂਰ ਥਾਂਵਾਂ ਵਿੱਚੋਂ ਹੈ ਜਿੱਥੇ ਲੱਖਾਂ-ਕਰੋੜਾਂ ਸਾਲ ਪਹਿਲਾਂ ਲੁਪਤ ਹੋ ਚੁੱਕੇ ਜੀਅ-ਜੰਤ ਦੇ ਪਥਰਾਟ ਮਿਲਦੇ ਹਨ। ਜਿਨ੍ਹਾਂ ਵਿੱਚ ਦਸ ਫੁੱਟ ਲੰਬੇ ਦੰਦਾਂ ਵਾਲੇ ਹਾਥੀ, ਪੁਰਾਣੇ ਦਰਿਆਈ ਘੋੜੇ, ਸਿੰਗਾਂ ਵਾਲੇ ਦਿਉਕੱਦ ਜ਼ਿਰਾਫ, ਚਿਪੈਂਜ਼ੀ, ਲੰਬੇ ਲੰਬੇ ਦੰਦਾਂ ਵਾਲੇ ਸ਼ੇਰ ਅਤੇ ਮਗਰਮੱਛ ਸ਼ਾਮਲ ਹਨ। ਨੌਂ ਫੁੱਟ ਚੌੜੀ ਖੋਲ ਵਾਲਾ ਜ਼ਮੀਨ ਦਾ ਸਭ ਤੋਂ ਵੱਡਾ ਕੱਛੂਕੁੰਮਾ ਪੱਚੀ ਲੱਖ ਸਾਲ ਪਹਿਲਾਂ ਇਸ ਖਿੱਤੇ ਵਿੱਚ ਘੁੰਮਦਾ ਰਿਹਾ ਹੈ। ਉਨ੍ਹਾਂ ਦੀ ਗਿਣਤੀ ਬੇਸ਼ੁਮਾਰ ਸੀ।ਇੱਥੇ ਮੁੱਢਲੇ ਹਾਥੀਆਂ ਦੀਆਂ ਪੈਂਤੀ ਕਿਸਮਾਂ ਮਿਲਦੀਆਂ ਸਨ। ਹੁਣ ਦੁਨੀਆਂ ਵਿੱਚ ਦੋ ਕਿਸਮਾਂ ਬਚੀਆਂ ਹਨ ਜੋ ਏਸ਼ੀਆ ਅਤੇ ਅਫ਼ਰੀਕਾ ਤੋਂ ਹਨ। ਭਾਰਤੀ-ਫ਼ਰਾਂਸੀਸੀ ਥੇਹਖੋਜੀਆਂ ਨੇ ਇਸ ਇਲਾਕੇ ਵਿੱਚ ਛੱਬੀ ਲੱਖ ਸਾਲ ਪੁਰਾਣੀ ਮਨੁੱਖੀ ਸਰਗਰਮੀ ਦੇ ਸਬੂਤ ਮਿਲਣ ਦਾ ਦਾਅਵਾ ਕੀਤਾ ਹੈ। ਇਹ ਸਬੂਤ ਘਾੜ ਦੇ ਛੋਟੇ ਜਿਹੇ ਪਿੰਡ ਮਸੌਲ ਤੋਂ ਹਾਸਿਲ ਹੋਏ ਹਨ।ਮਾਹਿਰਾਂ ਮੁਤਾਬਕ ਜਮਨਾ ਤੋਂ ਰਾਵੀ ਦੇ ਖਿੱਤੇ ਵਿਚਕਾਰ ਲੋੜੀਂਦਾ ਪਾਣੀ ਅਤੇ ਚਰਾਂਦਾ ਦੀ ਮੌਜੂਦਗੀ ਪੰਜਾਬ ਵਿੱਚ ਇੰਨ੍ਹੀ ਵੱਡੀ ਗਿਣਤੀ ਦੇ ਜੀਅ-ਜੰਤ ਦੀ ਹੋਂਦ ਦਾ ਕਾਰਨ ਸੀ।
ਘਾੜ ਦੀਆਂ ਕਦੀਮੀ ਥੇਹਾਂ
ਘਾੜ ਦੀਆਂ ਨਦੀਆਂ ਦੇ ਕੰਢੇ ਬੇਸ਼ੁਮਾਰ ਕਦੀਮੀ ਥੇਹਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਹ ਥੇਹਾਂ ਪੰਜਾਬ ਦੀ ਧਰਤੀ ਦੇ ਕਦੀਮੀ ਇਤਿਹਾਸ (Ancient History) ਦੀਆਂ ਪੜਾਅ ਦਰ ਪੜਾਅ ਗਵਾਹ ਹਨ। ਜਿਨ੍ਹਾਂ ਵਿੱਚੋਂ ਹੁਣ ਬਹੁਤੀਆਂ ਪੱਧਰ ਕਰਕੇ ਖੇਤਾਂ ਵਿੱਚ ਤਬਦੀਲ ਕਰ ਦਿੱਤੀਆਂ ਗਈਆਂ ਹਨ। ਕੁਝ ਥੇਹਾਂ ਉੱਤੇ ਪਿੰਡ ਵਸੇ ਹੋਏ ਹਨ। ਪੰਜਾਬ ਦੇ ਕਦੀਮੀ ਇਤਿਹਾਸ ਦੀਆਂ ਕੀਮਤੀ ਨਿਸ਼ਾਨੀਆਂ ਖਤਮ ਹੋ ਚੁੱਕੀਆਂ ਹਨ ਜਾਂ ਬਾਕੀ ਬਚਦੀਆਂ ਛੇਤੀ ਖਤਮ ਕਰ ਦਿੱਤੀਆਂ ਜਾਣਗੀਆਂ। ਇਹ ਥੇਹਾਂ ਵੱਖਰੇ ਵੱਖਰੇ ਸਮਿਆਂ ਨਾਲ ਜੁੜੀਆਂ ਰਹੀਆਂ ਹਨ। ਇਨ੍ਹਾਂ ਸਮਿਆਂ ਨੂੰ ਵੱਖਰੇ ਵੱਖਰੇ ਨਾਮ ਦਿੱਤੇ ਗਏ ਹਨ। ਜਿਨ੍ਹਾਂ ਵਿੱਚ ਅਗਲੇਰੇ ਜਾਂ ਮੁੱਢਲੇ ਹੜੱਪਾ ਕਾਲ (Pre-Harappan or Early Harappan) ਦਾ ਸਮਾਂ 3300 ਤੋਂ 2600 ਈਸਾ ਪੂਰਵ (ਅੱਜ ਤੋਂ 5300 ਤੋਂ 4600 ਸਾਲ ਪਹਿਲਾਂ), ਸਿਖ਼ਰਲੇ ਹੜੱਪਾ ਕਾਲ (Mature Harappan) ਦਾ ਸਮਾਂ 2600 ਤੋਂ 1900 ਈਸਾ ਪੂਰਵ ਅਤੇ ਪਿਛਲੇਰੇ ਹੜੱਪਾ ਕਾਲ (Late Harappan) ਦਾ ਸਮਾਂ 1900 ਤੋਂ 1300 ਈਸਾ ਪੂਰਵ ਮੰਨਿਆ ਗਿਆ ਹੈ। ਇਰਫ਼ਾਨ ਹਬੀਬ ਪਿਛਲੇਰੇ ਹੜੱਪਾ ਕਾਲ (Late Harappan) ਨਾਮ ਨੂੰ ਸਹੀ ਨਹੀਂ ਮੰਨਦਾ।ਉਹ ‘ਉੱਤਰ-ਹੜੱਪਾ ਕਾਲ’ (Post Harappan or Post Indus) ਸ਼ਬਦ ਵਰਤਦਾ ਹੈ। ਮੈਂ ਪਿਛਲੇਰਾ ਹੜੱਪਾ ਕਾਲ (Late Harappan) ਸ਼ਬਦ ਹੀ ਵਰਤਾਂਗਾ। ਜਿਨ੍ਹਾਂ ਕਿਤਾਬਾਂ ਵਿੱਚੋਂ ਮੈਂ ਹਵਾਲੇ ਲਏ ਹਨ। ਉਹਨਾਂ ਵਿੱਚ ਕਾਲ-ਵੰਡ ਇੰਝ ਹੀ ਕੀਤੀ ਗਈ ਹੈ।
ਹੜੱਪਾ ਤਹਿਜ਼ੀਬ ਦੇ ਬਰਾਬਰ ਅਤੇ ਬਾਅਦ ਵਿੱਚ ਵਸਦੇ ਰਹੇ ਵਿੱਚ ਕਈ ਪੇਂਡੂ ਵਸੇਬਾਂ ਦੀਆਂ ਨਿਸ਼ਾਨੀਆਂ ਭਾਂਡਿਆਂ ਅਤੇ ਅਨਾਜ ਦੇ ਰੂਪ ਵਿੱਚ ਮਿਲੀਆਂ ਹਨ। ਹੜੱਪਾ ਵਿੱਚ ਸੈਮੇਟਰੀ-ਐਚ ਤੋਂ ਉਸ ਵਸੇਬ ਦਾ ਪਤਾ ਲਗਦਾ ਹੈ ਜਦੋਂ ਹੜੱਪਾ ਦੇ ਖੰਡਰਾਂ ਉੱਤੇ ਨਵਾਂ ਵਸੇਬ ਬਣਾਉਣ ਦਾ ਹੀਲਾ ਕੀਤਾ ਗਿਆ। ਇਹ ਉਹੀ ਰਵਾਇਤ ਹੈ ਜਿਹਨੂੰ ਹਿੰਦੋਸਤਾਨ ਵਿੱਚ ਪਿਛਲੇਰਾ ਹੜੱਪਾ ਕਾਲ (Late Harappan) ਕਹਿੰਦੇ ਹਨ। ਹਬੀਬ ਮੁਤਾਬਿਕ ਭਾਂਡਿਆਂ ਤੋਂ ਬਿਨ੍ਹਾਂ ਇਨ੍ਹਾਂ ਪੇਂਡੂ ਵਸੇਬਾਂ ਵਿੱਚ ਕੋਈ ਸਮਾਨਤਾ ਨਹੀਂ ਸੀ। ਹੜੱਪਾ ਸ਼ਹਿਰਾਂ ਦੀ ਤਬਾਹੀ ਤੋਂ ਬਾਅਦ ਲੋਕ ਹਾਕੜਾ ਵਾਦੀ ਦੇ ਕੰਢਿਆਂ ਉੱਤੇ ਆਬਾਦ ਹੋਣ ਲੱਗੇ। ਉੱਥੋਂ ਅੱਗੇ ਇਹ ਸਤਲੁਜ ਤੋਂ ਜਮਨਾ ਦੇ ਵਿਚਕਾਰਲੇ ਖਿੱਤੇ ਅਤੇ ਗੰਗਾ-ਜਮਨਾ ਦੁਆਬ ਦੇ ਉੱਤਰੀ ਹਿੱਸਿਆਂ ਵਿੱਚ ਵਸਦੇ ਗਏ। ਜਿੱਥੇ ਚੌਲ ਉਗਾਉਣ ਲਈ ਜ਼ਿਆਦਾ ਮੀਂਹ ਅਤੇ ਵੱਧ ਜ਼ਮੀਨਾਂ ਸਨ। ਇਨ੍ਹਾਂ ਦਾ ਸਮਾਂ 2800-1500 ਈਸਾ ਪੂਰਵ ਬਣਦਾ ਹੈ। ਮੱਧ ਭਾਰਤ, ਦੱਖਣ ਅਤੇ ਬੰਗਾਲ ਵਿੱਚ ਨਵ ਪੱਥਰ-ਜੁੱਗ ਅਤੇ ਤਾਂਬਾ ਜੁੱਗ ਦੇ ਕਈ ਸੱਭਿਆਚਾਰ ਅਤੇ ਰਵਾਇਤਾਂ ਮੌਜੂਦ ਸਨ ਜਾਂ ਹੋਂਦ ਵਿੱਚ ਆ ਰਹੀਆਂ ਸਨ। ਬਾਈ ਸੌ ਸਾਲ ਪਹਿਲਾਂ ਤੱਕ ਇਨ੍ਹਾਂ ਰਵਾਇਤਾਂ ਦੇ ਭਾਂਡੇ ਬਣਦੇ ਰਹੇ। ਪੰਜਾਬ ਵਿੱਚ ਹੜੱਪਾ ਤਹਿਜ਼ੀਬ ਤੋਂ ਬਾਅਦ ਦੀਆਂ ਬਹੁਤੀਆਂ ਥੇਹਾਂ ਚਿਤਰੇ ਸਲੇਟੀ ਭਾਂਡਿਆਂ (Painted Grey Ware), ਸਲੇਟੀ ਭਾਂਡਿਆਂ (Grey Ware), ਕਾਲੀ ਧਾਰੀ ਵਾਲੇ ਭਾਂਡੇ (Black Slipped Ware) ਅਤੇ ਬਾੜਾ ਰਵਾਇਤ (Bara Ware) ਨਾਲ ਜੁੜੀਆ ਹੋਈਆਂ ਹਨ। ਜਿਹੜੇ ਮੋਟੇ ਤੌਰ ਉੱਤੇ 1300 ਈਸਾ ਪੂਰਵ ਤੋਂ 200 ਈਸਾ ਪੂਰਵ (3300 ਸਾਲ ਤੋਂ 2200 ਸਾਲ ਪੁਰਾਣੇ) ਮੰਨੇ ਗਏ ਹਨ।
ਮੁੱਢਲੇ ਇਤਿਹਾਸਕ ਕਾਲ (Early Historical Period) ਵਿੱਚ ਬੁੱਧ, ਸਿਕੰਦਰ, ਨੰਦ ਘਰਾਣਾ, ਮੌਰੀਆ ਕਾਲ ਦਾ ਸਮਾਂ ਸ਼ਾਮਿਲ ਹੈ। ਉਹ ਤੋਂ ਬਾਅਦ ਕੁਸ਼ਾਨ (ਪਹਿਲੀ ਤੋਂ ਤੀਜੀ ਸਦੀ) ਅਤੇ ਗੁਪਤ ਸਾਮਰਾਜ (ਤੀਜੀ ਸਦੀ ਤੋਂ ਛੇਵੀਂ ਸਦੀ ਦੇ ਅੱਧ ਤੱਕ) ਇਤਿਹਾਸਕ ਕਾਲ (Historical Period) ਨਾਲ ਜੁੜੇ ਹਨ। ਛੇਵੀਂ ਸਦੀ ਦੇ ਅੱਧ ਤੋਂ ਹਜ਼ਾਰਵੀਂ ਸਦੀ ਤੱਕ ਮੁੱਢਲਾ ਮੱਧਕਾਲ (Early medieval) ਅਤੇ ਹਜ਼ਾਰਵੀਂ ਤੋਂ ਸੋਲਵੀਂ ਸਦੀ ਦੀ ਪਹਿਲੇ ਚੌਥਾਈ ਤੱਕ ਮੱਧਕਾਲ (Medieval) ਅਤੇ 1526 ਈਸਵੀ ਤੋਂ 1858 ਤੱਕ ਪਿਛਲੇਰਾ ਮੱਧਕਾਲ (LateMedieval) ਮੰਨਿਆ ਗਿਆ ਹੈ। ਪੰਜਾਬ ਦੀਆਂ ਕਦੀਮੀ ਥੇਹਾਂ ਦੀ ਜੋ ਫ਼ਹਿਿਰਸਤ ਅੱਗੇ ਦਿੱਤੀ ਗਈ ਹੈ। ਉਨ੍ਹਾਂ ਥੇਹਾਂ ਨੂੰ ਇਨ੍ਹਾਂ ਸਮਿਆਂ ਮੁਤਾਬਿਕ ਵੰਡਿਆ ਗਿਆ ਹੈ।
ਜਤਿੰਦਰ ਮੌਹਰ
jatindermauhar@gmail.com
ਬੁੱਦਕੀ ਨਦੀ ਦੇ ਕੰਢੇ ਥੇਹਾਂ
ਪਿਛਲੇਰਾ ਹੜੱਪਾ ਕਾਲ (Late Harappan)- ਕੁੱਬਾਹੇੜੀ
ਚਿਤਰੇ ਸਲੇਟੀ ਭਾਂਡਿਆਂ ਦਾ ਕਾਲ (Painted Grey Ware)- ਕੁੱਬਾਹੇੜੀ, ਖ਼ਿਜ਼ਰਾਬਾਦ, ਪੰਜੋਲਾ
ਸਲੇਟੀ ਭਾਂਡਿਆਂ ਦਾ ਕਾਲ (Grey Ware)- ਕੁੱਬਾਹੇੜੀ, ਖ਼ਿਜ਼ਰਾਬਾਦ, ਪੰਜੋਲਾ
ਕਾਲੀ ਧਾਰੀ ਵਾਲੇ ਭਾਂਡੇ (Black Slipped Ware)- ਕੁੱਬਾਹੇੜੀ
ਮੁੱਢਲਾ ਇਤਿਹਾਸਕ ਕਾਲ (Early Historical Period)- ਕੁੱਬਾਹੇੜੀ
ਮੱਧਕਾਲ (Medieval)- ਗੋਚਰ, ਸਰਾੜੀ (ਮੂਲ ਲਿਖਤ ਵਿੱਚ Sagari ਲਿਖਿਆ ਹੈ।), ਭੱਦਲ, ਸਿਆਸਤਪੁਰ, ਗੰਧੋਂ ਕਲਾਂ ਉਰਫ਼ ਗੰਧੋਂ ਬੜੀ
ਪਿਛਲੇਰਾ ਮੱਧਕਾਲ (LateMedieval)- ਮੀਆਂਪੁਰ
ਸੀਸਵਾਂ ਨਦੀ ਦੇ ਕੰਢੇ ਥੇਹਾਂ
ਸਿਖ਼ਰਲੇ ਹੜੱਪਾ ਕਾਲ (Mature Harappan)- ਮਾਣਕਪੁਰ ਸ਼ਰੀਫ਼, ਚੰਦਪੁਰ
ਪਿਛਲੇਰਾ ਹੜੱਪਾ ਕਾਲ (Late Harappan)- ਸੀਸਵਾਂ ਪਿੰਡ, ਮਾਣਕਪੁਰ ਸ਼ਰੀਫ਼, ਚਟੌਲੀ, ਪੱਲਣਪੁਰ, ਦੁੱਗਰੀ-ਕੋਟਲੀ, ਰਾਮਪੁਰ (ਰਾਮਪੁਰ-ਟੱਪਰੀਆਂ ਹੋ ਸਕਦਾ ਹੈ।)
ਚਿਤਰੇ ਸਲੇਟੀ ਭਾਂਡਿਆਂ ਦਾ ਕਾਲ (Painted Grey Ware)- ਮਾਣਕਪੁਰ ਸ਼ਰੀਫ਼, ਚੰਦਪੁਰ, ਦੁੱਗਰੀ-ਕੋਟਲੀ, ਤਾਲਾਪੁਰ
ਸਲੇਟੀ ਭਾਂਡਿਆਂ ਦਾ ਕਾਲ (Grey Ware)- ਮਾਣਕਪੁਰ ਸ਼ਰੀਫ਼, ਮਾਜਰੀ, ਚੰਦਪੁਰ, ਖੇੜਾ-ਬੀ, ਦੁੱਗਰੀ-ਕੋਟਲੀ, ਤਾਲਾਪੁਰ
ਮੁੱਢਲਾ ਇਤਿਹਾਸਕ ਕਾਲ (Early Historical Period)- ਸਿਆਲਬਾ, ਖੇੜਾ-ਏ, ਖੇੜਾ-ਬੀ
ਮੁੱਢਲਾ ਮੱਧਕਾਲ (Early medieval)- ਚੰਦਪੁਰ
ਮੱਧਕਾਲ (Medieval)- ਮਾਣਕਪੁਰ ਸ਼ਰੀਫ਼, ਸਿਆਲਬਾ, ਕੰਸਾਲਾ, ਵੱਡੀ ਝਿੰਗਰਾਂ, ਫ਼ਤਹਿਗੜ੍ਹ, ਰਤਨਗੜ੍ਹ, ਚੰਦਪੁਰ
Be First to Comment