ਪੰਜਾਬ ਦੇ ਮਾਲਵਾ ਖੇਤਰ ਨੂੰ ਪੰਜਾਬ ਦੀ ਕਪਾਹ ਪੱਟੀ ਕਿਹਾ ਜਾਂਦਾ ਹੈ। ਨਰਮੇ/ਕਪਾਹ ਦੀ ਖੇਤੀ ਤੇ ਝੋਨੇ ਵਾਂਗ ਪਾਣੀ ਦੀ ਬਹੁਤੀ ਲੋੜ ਨਹੀਂ ਹੁੰਦੀ ਪਰ ਪਿਛਲੇ ਕੁੱਝ ਸਾਲਾਂ ਤੋਂ ਲਗਾਤਾਰ ਹੋ ਰਹੇ ਸੁੰਡੀ ਅਤੇ ਤੇਲੇ ਦੇ ਹਮਲੇ ਕਰਕੇ ਕਿਸਾਨਾਂ ਦਾ ਕੀਟਨਾਸ਼ਕਾਂ ਦੇ ਛਿੜਕਾਅ ਦਾ ਖਰਚਾ ਵੀ ਵਧ ਗਿਆ ਹੈ ਅਤੇ ਉਤਪਾਦਨ ਵਿੱਚ ਵੀ ਗਿਰਾਵਟ ਆਈ ਹੈ। ਜਿਸ ਕਰਕੇ ਨਰਮੇ/ਕਪਾਹ ਦੀ ਖੇਤੀ ਲਈ ਜਾਣੇ ਜਾਂਦੇ ਇਸ ਇਲਾਕੇ ਦੇ ਕਿਸਾਨ ਹੁਣ ਇਸ ਫ਼ਸਲ ਤੋਂ ਮੂੰਹ ਮੋੜਨ ਲੱਗੇ ਹਨ।
ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਦੇ ਰਹਿਣ ਵਾਲੇ ਕਿਸਾਨ ਬਹਾਦਰ ਸਿੰਘ ਨੇ ਨਵਾਂ ਤਜਰਬਾ ਕੀਤਾ ਹੈ ਜਿਸ ਨਾਲ ਕਿਸਾਨ ਦਾ ਰੇਹਾਂ/ਸਪਰੇਹਾਂ ਦਾ ਲਾਗਤ ਖਰਚਾ ਵੀ ਘਟਦਾ ਹੈ ਅਤੇ ਬਿਮਾਰੀਆਂ ਤੋਂ ਵੀ ਨਰਮੇ/ਕਪਾਹ ਦਾ ਬਚਾਅ ਵੀ ਰਹਿੰਦਾ ਹੈ। ਬਹਾਦਰ ਸਿੰਘ ਇੱਕ ਪੜ੍ਹਿਆ ਲਿਖਿਆ ਨੌਜਵਾਨ ਕਿਸਾਨ ਹੈ। ਉਸ ਨੇ ਖੇਤੀ ਮਾਹਿਰਾਂ ਅਤੇ ਸੋਸ਼ਲ ਮੀਡੀਆ ਦੀ ਮਦਦ ਨਾਲ ਨਰਮੇ ਦੀ ਫ਼ਸਲ ਨੂੰ ਨਵੇਂ ਤਰੀਕੇ ਨਾਲ ਬੀਜਿਆ ਹੈ, ਜਿਸ ਨਾਲ ਉਸ ਦੀ ਫ਼ਸਲ ਨੂੰ ਬਿਮਾਰੀ ਨਹੀਂ ਲੱਗੀ ਅਤੇ ਪਾਣੀ ਦੀ ਖਪਤ ਵੀ ਘਟੀ ਹੈ। ਬਹਾਦਰ ਸਿੰਘ ਨੇ ਨਵੇਂ ਤਰੀਕੇ ਨਾਲ ਖਾਦ ਦੀ ਵਰਤੋਂ ਕਰਕੇ ਪੌਦੇ ਨੂੰ ਗੁਲਾਬੀ ਸੁੰਡੀ ਅਤੇ ਤੇਲੇ ਤੋਂ ਬਚਾਇਆ ਹੈ। ਜਿਸ ਨਾਲ ਉਸਦੀ ਫ਼ਸਲ ਦਾ ਉਤਪਾਦਨ ਵਧਿਆ ਹੈ ਅਤੇ ਉਸਦੀ ਲਾਗਤ ਵੀ ਘੱਟ ਗਈ ਹੈ।
ਬਹਾਦਰ ਸਿੰਘ ਨੇ ਆਪਣੇ ਨਰਮੇ ਦੇ ਖੇਤ ਉੱਤੇ ਇੱਕ ਰੁਪਏ ਦੀ ਵੀ ਕੀਟਨਾਸ਼ਕ ਦਵਾਈ ਨਹੀਂ ਵਰਤੀ। ਉਸਨੇ ਨਰਮੇ ਤੇ ਖਾਦ ਦੇ ਛਿੜਕਾਅ ਸਮੇਂ ਸਿਰਫ਼ ਪੰਜ ਰੁਪਏ ਏਕੜ ਮਗਰ ਵੱਧ ਖ਼ਰਚ ਕੇ ਆਪਣੀ ਫ਼ਸਲ ਨੂੰ ਸੁੰਡੀ ਅਤੇ ਹੋਰ ਬਿਮਾਰੀਆਂ ਤੋਂ ਬਚਾਅ ਕੀਤਾ ਹੈ।
ਬਹਾਦਰ ਸਿੰਘ ਦੀ ਨਰਮੇ ਦੀ ਬਿਜਾਈ ਦੀ ਤਕਨੀਕ ਅਤੇ ਉਸਦੇ ਨੁਸਖ਼ੇ ਬਾਰੇ ਜਾਣਨ ਲਈ ਤੁਸੀਂ ਹੇਠਲੀ ਵੀਡੀਓ ਦੇਖ ਸਕਦੇ ਹੋ:-
Be First to Comment