Press "Enter" to skip to content

“ਮੇਰਾ ਖੇਤ ਹੀ ਮੇਰਾ ਏਟੀਐੱਮ ਹੈ”

ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦੇ ਰਹਿਣ ਵਾਲੇ ਸੁਖਪਾਲ ਸਿੰਘ ਮੱਛੀ ਪਾਲਣ ਦਾ ਕੰਮ ਕਰਦੇ ਹਨ। ਸੁਖਪਾਲ ਸਿੰਘ ਨੇ ਢਾਈ ਏਕੜ ਤੋਂ ਮੱਛੀ ਪਾਲਣ ਸ਼ੁਰੂ ਕੀਤਾ ਸੀ, ਹੁਣ 30 ਏਕੜ ਵਿੱਚ ਉਨ੍ਹਾਂ ਦਾ ਮੱਛੀ ਫਾਰਮ ਹੈ। ਉਹ ਦੱਸਦੇ ਹਨ ਜਿਸ ਜ਼ਮੀਨ ਵਿੱਚ ਹੁਣ ਮੱਛੀ ਫਾਰਮ ਹੈ ਪਹਿਲਾ ਇੱਥੇ ਕੋਈ ਵੀ ਫਸਲ ਨਹੀਂ ਹੁੰਦੀ ਸੀ ਜਿਸ ਤੋਂ ਬਾਅਦ ਉਨ੍ਹਾਂ ਇੱਥੇ ਮੱਛੀ ਫਾਰਮ ਸ਼ੁਰੂ ਕਰਨ ਫੈਸਲਾ ਕੀਤਾ ਅਤੇ ਪਹਿਲੇ ਸਾਲ ਹੀ ਉਨ੍ਹਾਂ ਨੂੰ 4 ਤੋਂ 5 ਲੱਖ ਦਾ ਮੁਨਾਫਾ ਹੋਇਆ। ਇਸ ਕਿੱਤੇ ਦੀ ਸ਼ੁਰੂਆਤ ਸਮੇਂ ਲੋਕਾਂ ਨੇ ਉਨ੍ਹਾਂ ਦਾ ਕਾਫੀ ਮਜ਼ਾਕ ਉੱਡਾਇਆ ਪਰ ਉਨ੍ਹਾਂ ਨੇ ਆਪਣਾ ਫੈਸਲਾ ਕਾਇਮ ਰੱਖਿਆ ਅਤੇ ਅੱਜ 30 ਏਕੜ ਦੇ ਮੱਛੀ ਫਾਰਮ ਚੋਂ ਉਹ ਚੰਗੀ ਕਮਾਈ ਕਰ ਰਹੇ ਹਨ।

ਉਹ ਦੱਸਦੇ ਹਨ ਇਸ ਕੰਮ ਵਿੱਚ ਕੋਈ ਜਿਆਦਾ ਮਿਹਨਤ ਵੀ ਨਹੀਂ ਲੱਗਦੀ। ਉਹ ਦਿਨ ਵਿੱਚ ਦੋ ਤੋਂ ਤਿੰਨ ਘੰਟੇ ਇਸ ਫਾਰਮ ਉਪਰ ਆਉਂਦੇ ਹਨ ਅਤੇ ਇਸ ਸਮੇਂ ਵਿੱਚ ਉਹ ਸਾਰਾ ਕੰਮ ਕਰ ਲੈਂਦੇ ਹਨ ਅਤੇ ਇਸ ਤੋਂ ਬਾਅਦ ਦੇ ਬਾਕੀ ਬਚੇ ਸਮੇਂ ਵਿੱਚ ਉਹ ਪਰਿਵਾਰ ਕੰਮ ਵੀ ਕਰਦੇ ਹਨ।

ਉਹ ਦੱਸਦੇ ਹਨ ਕਿ ਫਾਰਮ ਵਿੱਚ ਪੈਦਾ ਹੋਈਆ ਮੱਛੀਆਂ ਨੂੰ ਖਰੀਦਣ ਦੇ ਲਈ ਵੱਡੇ ਸ਼ਹਿਰਾਂ ਤੋਂ ਪਾਰਟੀਆਂ ਆਉਂਦੀ ਹਨ ਅਤੇ ਉਹ ਖੁਦ ਹੀ ਛੱਪੜ ਵਿੱਚੋਂ ਮੱਛੀਆਂ ਕੱਢਦੇ ਹਨ ਉਹ ਬਸ ਪੈਦਾ ਹੋਈ ਮੱਛੀ ਦਾ ਬਜਨ ਕਰਦੇ ਹਨ ਅਤੇ ਤੈਅ ਰੇਟ ਮੁਤਾਬਿਕ ਉਨ੍ਹਾਂ ਨੂੰ ਨਕਦ ਪੈਸੇ ਮਿਲ ਜਾਂਦੇ ਹਨ। ਉਹ ਦੱਸਦੇ ਹਨ ਉਨ੍ਹਾਂ ਦਾ ਖੇਤ ਹੁਣ ਇੱਕ ਤਰ੍ਹਾਂ ਦਾ ਏਟੀਐੱਮ ਹੀ ਹੈ ਜਦੋਂ ਵੀ ਉਨ੍ਹਾਂ ਨੂੰ ਕਦੇ ਪੈਸੇ ਦੀ ਲੋੜ ਹੁੰਦੀ ਹੈ ਤਾਂ ਉਹ ਖਰੀਦਣ ਵਾਲੀ ਪਾਰਟੀ ਨੂੰ ਮੱਛੀ ਵੇਚਣ ਲਈ ਫੋਨ ਕਰਦੇ ਹਨ ਅਤੇ ਮੱਛੀ ਵਿਕਣ ਤੇ ਉਨ੍ਹਾਂ ਨੂੰ ਨਕਦ ਪੈਸੇ ਮਿਲ ਜਾਂਦੇ ਹਨ।

ਸੁਖਪਾਲ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਵੀ ਕਿਸਾਨ ਮੱਛੀ ਪਾਲਣ ਦੇ ਕਿੱਤੇ ਵੱਲ ਆਉਣਾ ਚਾਹੁੰਦਾ ਹੈ ਤਾਂ ਘੱਟ ਜ਼ਮੀਨ ਨਾਲ ਇਸ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਜਿਸ ਲਈ ਸਰਕਾਰਾਂ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ ਜਿਸ ਵਿੱਚ ਛੱਪੜ ਨੂੰ ਪੱਟਣ, ਮੋਟਰ ਲਗਾਉਣ, ਅਤੇ ਮਸ਼ੀਨਰੀ ਵੀ ਸਰਕਾਰ ਵੱਲੋਂ ਸਬਸਿਡੀ ਉਪਰ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ।

ਸੁਖਪਾਲ ਸਿੰਘ ਤੋਂ ਪ੍ਰੇਰਿਤ ਹੋ ਕੇ, ਬਰਨਾਲਾ ਅਤੇ ਸੰਗਰੂਰ ਜ਼ਿਿਲ੍ਹਆਂ ਦੇ 70 ਕਿਸਾਨ ਉਨ੍ਹਾਂ ਨਾਲ ਜੁੜ ਗਏ ਹਨ। ਇਹ ਕਿਸਾਨ ਇੱਕ ਸਹਿਕਾਰੀ ਸਭਾ ਬਣਾ ਕੇ ਕੰਮ ਕਰਦੇ ਹਨ ਜਿਸ ਕਾਰਨ ਇਹ ਕਿਸਾਨਾਂ ਆਮ ਕਿਸਾਨਾਂ ਨਾਲੋਂ ਵੱਧ ਮੁਨਾਫ਼ਾ ਕਮਾ ਰਹੇ ਹਨ। ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਅੱਜ ਦੇ ਸਮੇਂ ਵਿੱਚ ਸਹਾਇਕ ਕਾਰੋਬਾਰ ਅਤੇ ਸਾਂਝੀ ਖੇਤੀ ਕਰਕੇ ਹੀ ਸਫਲ ਹੋ ਸਕਦੇ ਹਨ। ਉਨ੍ਹਾਂ ਦੇ ਕੰਮ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

Be First to Comment

Leave a Reply

Your email address will not be published. Required fields are marked *