ਹੰਕਾਰ ਕੀ ਹੈ?
ਜੇਕਰ ਕੋਈ ਸੱਥ ਕੋਲ ਦੀ ਜਾਂ ਜਿੱਥੇ ਚਾਰ ਬੰਦੇ ਬੈਠੇ ਹੋਣ ਉੱਥੋਂ ਦੀ ਟਰੈਕਟਰ, ਮੋਟਰਸਾਈਕਲ ਦੀ ਰੇਸ ਦੇ ਕੇ ਲੰਘੇ ਜਾਂ ਬਿਨਾਂ ਮਤਲਬ ਤੋਂ ਲੋਕਾਂ ਦੇ ਗਲ ਪਵੇ, ਤਾਂ ਲੋਕ ਅਕਸਰ ਹੀ ਉਸ ਵਿਅਕਤੀ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਕਿ ਇਸ ਦੇ ਦਿਨ ਨੇੜੇ ਆ ਗਏ, ਇਹ ਤਾਂ ਗਿਆ, ਇਹ ਸੂਕਰਿਆ ਫਿਰਦਾ, ਰੱਬ ਨੂੰ ਟੱਬ ਦੱਸਦਾ ਆਦਿ ਬਹੁਤੀ ਵਾਰੀ ਉਹ ਵਿਅਕਤੀ ਦਾ ਵੱਡਾ ਕੋਈ ਨੁਕਸਾਨ ਹੋ ਜਾਂਦਾ ਜਾਂ ਉਹ ਥੋੜੇ ਸਮੇਂ ’ਚ ਆਪਣੇ ਕੰਮ ਕਾਰ ’ਚ ਫੇਲ ਹੋ ਜਾਂਦਾ। ਜਾਣੀ ਕਿ ਉਸ ਨੂੰ ਵੱਡਾ ਘਾਟਾ ਪੈ ਜਾਂਦਾ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਲੋਕ ਤਾਂ ਅੱਧੇ ਰੱਬ ਹੁੰਦੇ ਹਨ। ਪਹਿਲਾਂ ਹੀ ਦੱਸ ਦਿੱਤਾ ਸੀ ਬਈ ਇਹ ਮਾਂਜਿਆ ਜਾਊ।
ਦੋਸਤੋ ਇਸ ਦੇ ਪਿੱਛੇ ਇੱਕ ਮਨੋਵਿਗਿਆਨ ਕੰਮ ਕਰਦਾ ਹੈ। ਇਹ ਮਨੋਵਿਗਿਆਨ ਹੈ ਹੰਕਾਰ ਦਾ। ਸੋ ਆਓ ਆਪਾਂ ਸਭ ਤੋਂ ਪਹਿਲਾਂ ਸਮਝੀਏ ਕਿ ਹੰਕਾਰ ਕੀ ਹੁੰਦਾ ਹੈ? ਮਨੁੱਖ ਦੇ ਅੰਦਰ ਹੀਣ ਭਾਵਨਾ ਦੀ ਇੱਕ ਗੰਢ ਹੁੰਦੀ ਹੈ ਤੇ ਇਸ ਹੀਣ ਭਾਵਨਾ ਨੂੰ ਹੀ ਛਪਾਉਣ ਦਾ ਜਿਹੜਾ ਯਤਨ ਹੈ ਜਾਂ ਉਪਾਅ ਹੈ ਉਸ ਨੂੰ ਹੰਕਾਰ ਕਹਿੰਦੇ ਹਨ। ਦੋਸਤੋ ਜਦੋਂ ਅਸੀਂ ਕੋਈ ਆਪਣਾ ਕੰਮ ਸ਼ੁਰੂ ਕਰਦੇ ਹਾਂ ਤਾਂ ਇਸ ਦੀਆਂ ਤਿੰਨ ਸਟੇਜਾਂ ਹੁੰਦੀਆਂ ਹਨ।

ਪਹਿਲੀ ਸਟੇਜ ਤੇ ਹੰਕਾਰ…
ਜਿਹੜੇ ਵਿਅਕਤੀਆਂ ਦੇ ਅੰਦਰ ਮਾਣ ਸਨਮਾਣ ਦੀ ਬਹੁਤ ਜ਼ਿਆਦਾ ਕਮੀ ਹੁੰਦੀ ਆ ਉਹ ਸ਼ੁਰੂਆਤੀ ਸਟੇਜ ਦੇ ਵਿੱਚ ਹੀ Showoff ਬਹੁਤ ਕਰਨਗੇ ਤੇ ਜਿਸ ਵਿਅਕਤੀ ਦੇ ਅੰਦਰ ਪੈਸੇ ਦੀ ਕਮੀ ਦੀ ਹੀਣ ਭਾਵਨਾ ਹੁੰਦੀ ਆ ਉਹ ਕੰਮ ਤੋਂ ਹੋਣ ਵਾਲੀ ਕਮਾਈ ਬਾਰੇ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਮਤਲਬ ਉਸ ਦਾ ਆਪਣੇ ਕੰਮ ਤੋਂ ਧਿਆਨ ਹਟ ਕੇ ਲੋਕ ਦਿਖਾਵੇ ਤੇ, ਆਉਣ ਵਾਲੇ ਪੈਸੇ ਤੇ ਚਲਿਆ ਜਾਂਦਾ ਇਸ ਤਰੀਕੇ ਨਾਲ ਉਹ ਕੰਮ ਵਿੱਚ ਧਿਆਨ ਹਟਣ ਕਰਕੇ ਫੇਲ ਹੋ ਜਾਂਦਾ ਹੈ ਪਰ ਜਿਹੜੇ ਲੋਕ ਇਸ ਸਟੇਜ ਤੇ ਨਿਮਰਤਾ ਨਾਲ, ਆਪਣੇ ਕੰਮ ਤੇ ਫੋਕਸ ਕਰਕੇ ਮਿਹਨਤ ਕਰਦੇ ਨੇ ਉਹ ਅੱਗੇ ਵਧਦੇ ਰਹਿੰਦੇ ਨੇ ਉਹ ਦੂਜੀ ਸਟੇਜ ਤੇ ਪਹੁੰਚ ਜਾਂਦੇ ਹਨ।

ਦੂਜੀ ਸਟੇਜ ਤੇ ਹੰਕਾਰ..
ਦੂਜੀ ਸਟੇਜ ਹੈ ਜਦੋਂ ਵਿਅਕਤੀ ਇੱਕ ਵਾਰ ਕਾਮਯਾਬ ਹੋ ਜਾਣ ਤਾਂ ਉਹਨਾ ਵਿਚੋਂ ਕੁੱਝ ਲੋਕਾਂ ਦੇ ਅੰਦਰ ਹੰਕਾਰ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਕਿ ਮੈਂ ਦੂਜਿਆਂ ਨਾਲੋਂ ਬਹੁਤ ਸਿਆਣਾ ਤੇ ਸਮਝਦਾਰ ਹਾਂ ਤੇ ਉਨ੍ਹਾਂ ਦੀ ਗੱਲਬਾਤ ਦੇ ਵਿੱਚ ਮੈਂ, ਮੈਂ ਸ਼ੁਰੂ ਹੋ ਜਾਂਦੀ ਹੈ , ਮੈਨੂੰ ਸਾਰਾ ਕੁੱਝ ਆਉਂਦਾ, ਮੈਨੂੰ ਤਾਂ ਪਤਾ ਹੀ ਸੀ ਕਿ ਮੈਂ ਤਾਂ ਕਾਮਯਾਬ ਹੋ ਜਾਣਾ ਤੇ ਇਸ ਤਰੀਕੇ ਨਾਲ ਉਹ ਆਪਣੇ ਨਾਲ ਦੀ ਕੰਮ ਕਰਨ ਵਾਲੇ ਲੋਕਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਹਨ । ਇਸ ਹੰਕਾਰ ਦੇ ਰੋਗ ਨਾਲ ਉਸ ਵਿਅਕਤੀ ਦੇ ਕੰਮ ਕਾਰ ਵਿੱਚ ਫੇਲ ਹੋਣ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਂਦੀ ਆ ਤੇ ਪਤਾ ਹੀ ਨਹੀਂ ਲੱਗਦਾ ਕਦੋਂ ਉਹ ਅਰਸ਼ ਤੋਂ ਫ਼ਰਸ਼ ਤੇ ਆ ਜਾਂਦਾ ਹੈ। ਬਹੁਤੇ ਪਲੇਅਰ ਵੀ ਇਸ ਰੋਗ ਕਰਕੇ ਅੱਗੇ ਨਹੀਂ ਵਧ ਸਕਦੇ ਕਿਉਂਕਿ ਉਹ ਮੈਚ ਜਿੱਤਣ ਤੋਂ ਬਾਅਦ ਬਾਕੀ ਪਲੇਅਰ ਨੂੰ ਇਗਨੋਰ ਕਰ ਦਿੰਦੇ ਨੇ ਤੇ ਇਸ ਤਰਾਂ ਉਨ੍ਹਾਂ ਦੀ ਟੀਮ ਟੁੱਟ ਜਾਂਦੀ ਹੈ।

ਤੀਜੀ ਸਟੇਜ ਤੇ ਹੰਕਾਰ…
ਜੇ ਕੋਈ ਵਿਅਕਤੀ ਦਾ ਕੰਮ ਕਾਰ ਫੇਲ ਹੋ ਜਾਵੇ, ਜਿਹੜਾ ਹੰਕਾਰੀ ਬੰਦਾ ਹੁੰਦਾ, ਸਭ ਤੋਂ ਪਹਿਲਾਂ ਉਹ ਦੂਜਿਆਂ ਨੂੰ ਬਲਮ ਕਰਨਾ ਸ਼ੁਰੂ ਕਰ ਦਿੰਦਾ ਕਿ ਮੈਂ ਕਾਹਨੂੰ ਫੇਲ ਹੁੰਦਾ ਸੀ, ਮੈਨੂੰ ਤਾਂ ਨਾਲ ਦਿਆਂ ਨੇ ਮਰਵਾ ਦਿੱਤਾ। ਇਸ ਤਰੀਕੇ ਨਾਲ ਉਹ ਆਪਣੀਆਂ ਕਮੀਆਂ ਨਹੀਂ ਲੱਭ ਸਕਦਾ। ਅਸਫਲਤਾ ਨਾਲ ਉਸ ਦੀ ਆੜੀ ਪੱਕੀ ਰਹਿੰਦੀ ਹੈ। ਸੋ ਕਿਸੇ ਵੀ ਕੰਮ ਵਿੱਚ ਜਾਂ ਖੇਤਰ ਵਿੱਚ ਫੇਲ ਹੋਣ ਦਾ ਵੱਡਾ ਕਾਰਨ ਹੰਕਾਰ ਹੀ ਬਣਦਾ ਹੈ , ਹੰਕਾਰ ਹੀ ਸਾਨੂੰ ਦੁੱਖ, ਗੁੱਸਾ ਤੇ ਸਭ ਤੋਂ ਵਧੀਆ ਹੋਣ ਦਾ, ਆਪਣੇ ਆਪ ਨੂੰ ਹੀ ਠੀਕ ਮੰਨਣ ਦਾ ਰੋਗ ਲਾਉਂਦਾ ਹੈ।

ਦੂਜੇ ਪਾਸੇ ਅਸੀਂ ਉਨ੍ਹਾਂ ਲੋਕਾਂ ਨੂੰ ਵੀ ਦੇਖਦੇ ਹਾਂ ਜੋ ਆਪਣੇ ਖੇਤਰ ਵਿੱਚ, ਆਪਣੇ ਕੰਮਕਾਰ ਵਿੱਚ ਬਹੁਤ ਕਾਮਯਾਬ ਹੁੰਦੇ ਨੇ, ਉਨ੍ਹਾਂ ਵਿੱਚ ਨਿਮਰਤਾ, ਗੱਲਬਾਤ ਵਿੱਚ ਮਿਠਾਸ, ਹਰ ਕਿਸੇ ਨੂੰ ਇੱਜ਼ਤ ਮਾਣ ਦੇਣਾ ਉਨ੍ਹਾਂ ਦਾ ਸੁਭਾਅ ਹੀ ਹੁੰਦਾ ਹੈ। ਉਨ੍ਹਾਂ ਤੋਂ ਹਮੇਸ਼ਾ ਕੰਮ ਕਰਨ ਲਈ ਮੋਟੀਵੇਸ਼ਨ ਹੀ ਮਿਲਦੀ ਹੈ।ਹੰਕਾਰ ਨੂੰ ਦੂਰ ਕਰਨ ਦਾ ਸੌਖਾ ਤਰੀਕਾ ਇਹੀ ਹੈ ਕਿ ਤੁਸੀਂ ਆਪਣੇ ਅੰਦਰ ਆਪਣੀਆਂ ਕਮੀਆਂ ਨੂੰ ਦੂਰ ਕਰੋ ਤੇ ਹੰਕਾਰੀ ਬੰਦੇ ਤੇ ਸਿਰਫ਼ ਤਰਸ ਹੀ ਕਰੋ ਕਿਉਂਕਿ ਉਸ ਦੇ ਅੰਦਰ ਪਹਿਲਾਂ ਹੀ ਬਹੁਤ ਸਾਰੀਆਂ ਕਮੀਆਂ ਨੇ ਤੇ ਉਨ੍ਹਾਂ ਨੂੰ ਢਕਣ ਦੇ ਹੀ ਉਪਰਾਲੇ ਕਰ ਰਿਹਾ।

ਲੇਖਕ :- ਰੇਸ਼ਮ ਸਿੰਘ, ਮਨਰੇਵਾ (ਨਿਊਜ਼ੀਲੈਂਡ)
ਮੋਬਾਈਲ ਨੰਬਰ :- +64 223203137







Be First to Comment