Press "Enter" to skip to content

ਆਤਮ-ਸਵੀਕਾਰ (Self Acceptance) ਦੀ ਤਾਕਤ

ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕਾਂ ਵਿਚ ਦੂਜਿਆਂ ਵੱਲੋਂ ਮਾਨਤਾ ਤੇ ਸਵੀਕਾਰੇ ਜਾਣ ਦੀ ਹੋੜ ਲੱਗੀ ਹੋਈ ਹੈ। ਅਸੀਂ ਆਪਣੀ ਕਦਰ ਜਾਂ ਕਹਿ ਲਵੋ ਕੀਮਤ ਇਸ ਗੱਲ ਨਾਲ ਤੋਲਦੇ ਹਾਂ ਕਿ ਕਿੰਨੇ ਲੋਕ ਸਾਨੂੰ ਪਸੰਦ ਕਰਦੇ ਹਨ, ਸਾਡੇ ਫ਼ੋਟੋ ‘ਤੇ ਕਿੰਨੇ “ਲਾਈਕ” ਆਉਂਦੇ ਹਨ ਜਾਂ ਕਿੰਨੇ ਲੋਕ ਸਾਡੀ ਤਾਰੀਫ਼ ਕਰਦੇ ਹਨ। ਇਹ ਲਗਾਤਾਰ ਬਾਹਰੀ ਪ੍ਰਸ਼ੰਸਾ ਦੀ ਲੋੜ ਇੱਕ ਐਸੀ ਸੋਚ ਪੈਦਾ ਕਰਦੀ ਹੈ ਕਿ ਜੇ ਹੋਰ ਲੋਕ ਸਾਨੂੰ ਸਵੀਕਾਰਦੇ ਹਨ ਤਾਂ ਹੀ ਅਸੀਂ ਚੰਗੇ ਇਨਸਾਨ ਹਾਂ ਪਰ ਅਸਲ ਸੁਖ, ਸ਼ਾਂਤੀ ਤੇ ਖ਼ੁਸ਼ੀ ਦੂਜਿਆਂ ਦੀ ਮਾਨਤਾ ਨਾਲ ਨਹੀਂ, ਸਗੋਂ ਆਪਣੇ ਆਪ ਨੂੰ ਸਵੀਕਾਰ ਕਰਨ ਨਾਲ ਮਿਲਦੀ ਹੈ। ਜ਼ਿੰਦਗੀ ਦੀ ਖੂਬਸੂਰਤੀ ਵੀ ਇਸ ਵਿੱਚ ਹੀ ਹੈ ਕਿ ਤੁਸੀਂ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੀਓ, ਨਾ ਕਿ ਕਿਸੇ ਹੋਰ ਦੇ ਤੌਰ-ਤਰੀਕੇ ਅਪਣਾਕੇ।

ਆਤਮ-ਸਵੀਕਾਰ ਦਾ ਅਰਥ ਹੈ ਆਪਣੇ ਆਪ ਨੂੰ ਪੂਰੀ ਤਰ੍ਹਾਂ ਮੰਨਣਾ—ਆਪਣੀਆਂ ਖੂਬੀਆਂ, ਕਮਜ਼ੋਰੀਆਂ, ਖਾਮੀਆਂ ਜਿਵੇਂ ਵੀ ਹਨ ਉਵੇਂ ਜਿਵੇਂ ਹੀ ਉਨ੍ਹਾਂ ਨੂੰ ਗਲੇ ਲਗਾਉਣਾ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਅੰਦਰ ਸੁਧਾਰ ਨਾ ਕਰੀਏ, ਬਲਕਿ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਘੱਟ ਨਾ ਸਮਝੀਏ। ਸਾਡੇ ਅੰਦਰ ਕਿਸੇ ਤਰ੍ਹਾਂ ਦੀ ਵੀ ਹੀਨ ਭਾਵਨਾ ਨਾ ਹੋਵੇ ਪਰ ਜਦੋਂ ਅਸੀਂ ਹਮੇਸ਼ਾ ਦੂਜਿਆਂ ਦੀ ਰਾਇ ਤੇ ਨਿਰਭਰ ਰਹਿੰਦੇ ਹਾਂ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਡਿਸੀਜ਼ਨ ਮੇਕਰ ਵੀ ਹੋਰਾਂ ਨੂੰ ਬਣਾ ਦਿੰਦੇ ਹਾਂ। ਇਸ ਦੇ ਨਾਲ-ਨਾਲ ਸਾਡਾ ਜ਼ਿੰਦਗੀ ਵਿੱਚ ਖੁਸ਼ ਹੋਣਾ ਜਾਂ ਦੁਖੀ ਹੋਣਾ ਵੀ ਲੋਕਾਂ ਤੇ ਨਿਰਭਰ ਹੋਣ ਲੱਗਦਾ ਹੈ ਪਰ ਲੋਕਾਂ ਦੀ ਰਾਏ ਤੁਹਾਡੇ ਬਾਰੇ ਬਦਲਦੀ ਰਹਿੰਦੀ ਹੈ ਜੇਕਰ ਕਿਸੇ ਨੂੰ ਤੁਹਾਡੇ ਤੱਕ ਅੱਜ ਕੋਈ ਮਤਲਬ ਹੈ ਤਾਂ ਹੋ ਸਕਦਾ ਉਹ ਤੁਹਾਨੂੰ ਪਸੰਦ ਕਰੇ ਪਰ ਜਿਸ ਦਿਨ ਉਸ ਦਾ ਮਤਲਬ ਨਿਕਲ ਜਾਵੇ ਤਾਂ ਉਹ ਤੁਹਾਡੀ ਆਲੋਚਨਾ ਕਰਨੀ ਸ਼ੁਰੂ ਕਰ ਦੇਵੇ ਤੇ ਜੇਕਰ ਤੁਸੀਂ ਲੋਕਾਂ ਦੀ ਰਾਏ ਦੇ ਉੱਤੇ ਨਿਰਭਰ ਰਹੋਗੇ ਤਾਂ ਜਿਵੇਂ-ਜਿਵੇਂ ਲੋਕਾਂ ਦੀ ਰਾਏ ਬਦਲੇਗੀ ਉਵੇਂ-ਉਵੇਂ ਹੀ ਤੁਹਾਡੇ ਮਨ ਦੀ ਅਵਸਥਾ ਵੀ ਬਦਲੇਗੀ। ਅਸੀਂ ਅਕਸਰ ਹੀ ਸਮਾਜ ਦੇ ਵਿੱਚ ਬਹੁਤ ਕਾਮਯਾਬ ਵਿਅਕਤੀਆਂ ਨੂੰ ਵੀ ਦੁਖੀ ਦੇਖਦੇ ਹਾਂ ਉਸਦੀ ਵੱਡੀ ਵਜਹਾ ਇਹੀ ਹੈ ਕਿ ਉਹਨਾਂ ਨੇ ਸੈਲਫ ਅਸਟੈਸ ਕੀਤੀ ਹੀ ਨਹੀਂ। ਆਪਣੇ ਆਪ ਨੂੰ ਨਾ ਸਵੀਕਾਰਨ ਵਾਲਾ ਵਿਅਕਤੀ ਹਮੇਸ਼ਾ ਦੂਜਿਆਂ ਨਾਲ ਤੁਲਨਾ ਕਰਦਾ ਰਹਿੰਦਾ ਹੈ ਕਿ ਇਸ ਤਰਾਂ ਉਹ ਹੀਨ ਭਾਵਨਾ ਦਾ ਸ਼ਿਕਾਰ ਵੀ ਹੋ ਜਾਂਦਾ ਹੈ। ਆਪਣੇ ਆਪ ਨੂੰ ਨਾ ਸਵੀਕਾਰਨ ਵਾਲੇ ਵਿਅਕਤੀ ਦੇ ਅੰਦਰ ਹਮੇਸ਼ਾ ਲੜਾਈ ਚਲਦੀ ਰਹਿੰਦੀ ਹੈ ਤੇ ਇਸ ਕਰਕੇ ਉਹ anxiety, stress, depression ਦਾ ਸ਼ਿਕਾਰ ਵੀ ਹੋ ਜਾਂਦਾ ਹਾਂ।

ਪਰ ਜਦੋਂ ਅਸੀਂ ਆਪਣੇ ਆਪ ਨੂੰ ਸਵੀਕਾਰ ਕਰ ਲੈਂਦੇ ਹਾਂ ਤਾਂ ਇਸ ਦੇ ਨਾਲ ਸਾਡੇ ਅੰਦਰਲੀ ਲੜਾਈ ਖ਼ਤਮ ਹੋ ਜਾਂਦੀ ਹੈ ਤੇ ਸਾਡਾ ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਜਿਸ ਦੇ ਨਾਲ ਸਾਡਾ ਆਤਮ ਵਿਸ਼ਵਾਸ ਵੱਧਦਾ ਹੈ ਤੇ ਸਾਡਾ ਆਪਣੇ ਆਪ ਦੇ ਉੱਤੇ ਭਰੋਸਾ ਵੱਧਦਾ ਹੈ। ਸਾਡੇ ਆਪਣੇ ਰਿਸ਼ਤਿਆਂ ਦੇ ਵਿੱਚ ਵੀ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਅਸੀਂ ਦੂਜਿਆਂ ਤੋਂ ਐਕਸਪੈਕਟੇਸ਼ਨ ਕਰਨਾ ਘੱਟ ਕਰ ਦਿੰਦੇ ਹਾਂ ਇਸ ਦਾ ਜੋ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਕੁਦਰਤ ਵੱਲੋਂ ਬਖ਼ਸ਼ੇ ਹੋਏ ਟੇਲੈਂਟ ਨੂੰ ਅਸੀਂ ਚੰਗੀ ਤਰ੍ਹਾਂ ਵਿਸ਼ਵਾਸ ਦੇ ਨਾਲ ਜ਼ਿੰਦਗੀ ‘ਚ ਵਰਤ ਸਕਦੇ ਹਾਂ। ਜਦੋਂ ਅਸੀਂ ਆਪਣੇ ਆਪ ਨੂੰ ਸਵੀਕਾਰ ਕਰ ਲੈਂਦੇ ਹਾਂ ਤਾਂ ਸਾਨੂੰ ਬਾਹਰਲੇ ਲੋਕਾਂ ਦੇ ਫ਼ੈਸਲੇ ਤੁਹਾਡੇ ਮਨ ਦੀ ਅਵਸਥਾ ਨੂੰ ਹਿਲਾ ਨਹੀਂ ਸਕਦੇ। ਆਪਣੇ ਆਪ ਨੂੰ ਸਵੀਕਾਰ ਕਰਨਾ, ਸਾਡੀ ਅੰਦਰੂਨੀ ਤਾਕਤ ਨੂੰ ਮਜ਼ਬੂਤ ਕਰਦਾ ਹੈ ਤੇ ਅਸੀਂ ਆਪਣੇ ਜੀਵਨ ਨੂੰ ਅਸਲੀਅਤ ਨਾਲ ਜੀ ਸਕਦੇ ਹਾਂ। ਸਾਨੂੰ ਆਪਣੀ ਅਸਲ ਸ਼ਖਸੀਅਤ ਨੂੰ ਦੁਨੀਆਂ ਅੱਗੇ ਰੱਖਣਾ ਚਾਹੀਦਾ, ਨਾ ਕਿ ਲੋਕਾਂ ਨੂੰ ਖੁਸ਼ ਕਰਨ ਲਈ ਨਕਲੀ ਚਿਹਰਾ। ਆਤਮ-ਸਵੀਕਾਰ ਹੀ ਸੁਖ ਦਾ ਦਰਵਾਜ਼ਾ ਹੈ। ਸੱਚੀ ਖੂਬਸੂਰਤੀ ਅਸਲ (ਮੂਲ) ਵਿੱਚ ਹੈ, ਨਕਲ ਵਿੱਚ ਨਹੀਂ।

ਇਤਿਹਾਸਿਕ ਤੌਰ ਤੇ ਵੀ ਦੁਨੀਆਂ ਨੂੰ ਉਨ੍ਹਾਂ ਲੋਕਾਂ ਨੇ ਹੀ ਪ੍ਰਭਾਵਿਤ ਕੀਤਾ ਜਿਨ੍ਹਾਂ ਨੇ ਆਪਣੇ ਆਪ ‘ਤੇ ਭਰੋਸਾ ਕੀਤਾ ਤੇ ਦੂਜਿਆਂ ਦੀ ਮਨਜ਼ੂਰੀ ਦੀ ਉਡੀਕ ਨਹੀਂ ਕੀਤੀ। ਹੁਣ ਸਵਾਲ ਇਹ ਹੈ ਕਿ ਆਤਮ-ਸਵੀਕਾਰ ਆਵੇ ਕਿਵੇਂ? ਇਸ ਦੇ ਲਈ ਪਹਿਲੀ ਸ਼ਰਤ ਇਹ ਹੈ ਕਿ ਸਾਨੂੰ ਆਪਣੇ ਆਪ ਨਾਲ ਇਮਾਨਦਾਰ ਹੋਣਾ ਪਵੇਗਾ। ਫਿਰ ਹੀ ਅਸੀਂ ਆਪਣੇ ਗੁਣ ਖੂਬੀਆਂ ਕਮਜ਼ੋਰੀਆਂ ਅਤੇ ਖ਼ਾਮੀਆਂ ਨੂੰ ਸਮਝ ਸਕਦੇ ਹਾਂ। ਸਾਨੂੰ ਆਪਣੇ ਆਪ ਨਾਲ ਗੱਲ ਇਸ ਤਰਾਂ ਕਰਨੀ ਚਾਹੀਦੀ ਹੈ ਜਿਵੇਂ ਅਸੀਂ ਆਪਣੇ ਕਿਸੇ ਦੋਸਤ ਨਾਲ ਗੱਲਬਾਤ ਕਰਦੇ ਹੋਈਏ। ਆਪਣੇ ਕੰਮ ਨੂੰ ਕਦੇ ਵੀ ਲੋਕਾਂ ਦੀ ਰਾਏ ਨਾਲ ਜੋੜ ਕੇ ਨਾ ਦੇਖੋ ਤੇ ਆਪਣੀਆਂ ਬਾਉਂਡਰੀਆਂ ਤੈਅ ਕਰੋ ਉਨ੍ਹਾਂ ਵਿੱਚ ਬਾਹਰੀ ਲੋਕਾਂ ਨੂੰ ਦਖ਼ਲ ਅੰਦਾਜ਼ੀ ਨਾ ਕਰਨ ਦੇਵੋ। ਕਦੇ ਵੀ ਉਹ ਹੋਣ ਦੀ ਕੋਸ਼ਿਸ਼ ਨਾ ਕਰੋ ਜੋ ਤੁਸੀਂ ਨਹੀਂ ਹੋ। ਦੂਜੇ ਲੋਕਾਂ ਨਾਲ ਆਪਣੀ ਤੁਲਨਾ ਕਰਨੀ ਬੰਦ ਕਰੋ ਕਿਉਂਕਿ ਹਰ ਮਨੁੱਖ ਦੀ ਯਾਤਰਾ ਵੱਖਰੀ-ਵੱਖਰੀ ਹੁੰਦੀ ਹੈ। ਸਾਨੂੰ ਬਾਹਰਲੀ ਦੁਨੀਆ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ, ਸਗੋਂ ਆਪਣੇ ਆਪ ਨੂੰ ਮਨਜ਼ੂਰੀ ਦੇਣ ਦੀ ਲੋੜ ਹੈ।

ਲੇਖਕ :- ਰੇਸ਼ਮ ਸਿੰਘ, ਮਨਰੇਵਾ (ਨਿਊਜ਼ੀਲੈਂਡ)
ਮੋਬਾਈਲ ਨੰਬਰ :- +64 223203137

Be First to Comment

Leave a Reply

Your email address will not be published. Required fields are marked *