Press "Enter" to skip to content

ਲੋਕ ਕਹਿੰਦੇ ਨੇ ਖੇਤੀ ‘ਚ ਕਮਾਈ ਨਹੀਂ ਪਰ ਅਸੀਂ ਤਾਂ ਮੌਜਾਂ ਕਰਦੇ ਹਾਂ

ਬਰਨਾਲਾ ਜਿਲੇ ਦੇ ਪਿੰਡ ਦੀਵਾਨਾ ਦੇ ਚਾਰ ਦੋਸਤਾਂ ਨੇ ਮਿਲ ਕੇ ਸ਼ਾਂਝੀ ਖੇਤੀ ਸ਼ੁਰੂ ਕੀਤੀ ਹੈ। ਉਹ ਦੱਸਦੇ ਹਨ ਕਿ ਪਿਛਲੇ ਸਮੇਂ ਅੰਦਰ ਜਿਸ ਤਰ੍ਹਾਂ ਵੀੜੀ ਉਪਰ ਕਿਸਾਨ ਖੇਤੀ ਕਰਦੇ ਸਨ ਉਨ੍ਹਾਂ ਵੱਲੋਂ ਵੀ ਉਸ ਤਰਜ਼ ਉਪਰ ਰਲ਼ਮਿਲ ਕੇ ਖੇਤੀ ਕੀਤੀ ਜਾ ਰਹੀ ਹੈ। ਇਸ ਖੇਤੀ ਵਿੱਚ ਉਨ੍ਹਾਂ ਦੇ ਖੇਤੀਬਾੜੀ ਦੇ ਸੰਦ ਵੀ ਸਾਂਝੇ ਹਨ ਅਤੇ ਖੇਤੀ ਬਾੜੀ ਵੀ ਸਾਰੇ ਰਲ ਕੇ ਕਰਦੇ ਹਨ। ਸਾਰਿਆਂ ਨੇ ਆਪਸ ਵਿੱਚ ਕੰਮ ਵੰਡੇ ਹੋਏ ਹਨ ਅਤੇ ਖੇਤੀ ਵਿੱਚੋਂ ਹੁੰਦੇ ਮੁਨਾਫੇ ਦਾ ਵੀ ਪੂਰਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ।

ਉਹ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਖੇਤ ਵਿੱਚ ਡੇਢ ਏਕੜ ਵਿੱਚ ਕਮਾਦ ਦੀ ਕਾਸਤ ਕੀਤੀ ਸੀ ਪਰ ਇਸ ਨੂੰ ਵੇਚਣ ਦਾ ਜਦੋਂ ਖਿਆਲ ਆਇਆ ਤਾਂ ਉਨ੍ਹਾਂ ਘੁਲਾੜ ਲਗਾਉਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਗੰਨੇ ਤੋਂ ਪਹਿਲਾ ਗੁੜ, ਸ਼ੱਕਰ ਬਣਾ ਕੇ ਵੇਚਿਆ ਜਿਸ ਦਾ ਆਮ ਲੋਕਾਂ ਵੱਲੋਂ ਵੀ ਚੰਗਾ ਹੁੰਗਾਰਾ ਮਿਲਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਪੂਰੇ ਰਕਬੇ ਵਿੱਚ ਹੀ ਗੰਨੇ ਦੀ ਕਾਸਤ ਸ਼ੁਰੂ ਕਰ ਦਿੱਤੀ।

ਘੁਲਾੜ ਤੋਂ ਇਲਾਵਾ ਉਹ ਗੰਨੇ ਦਾ ਜੂਸ ਵੀ ਵੇਚਦੇ ਹਨ ਜਿਸ ਲਈ ਉਨ੍ਹਾਂ ਵੱਲੋਂ ਟਰੈਕਟਰ ਟਰਾਲੀ ਦੀ ਚਲਦੀ ਫਿਰਦੀ ਜੂਸ ਬਾਰ ਬਣਾਈ ਗਈ ਹੈ। ਜਿਸ ਵਿੱਚ ਸਾਫ ਸੁਥਰੇ ਢੰਗ ਦੇ ਨਾਲ ਗੰਨੇ ਦਾ ਜੂਸ ਕੱਢ ਕੇ ਲੋਕਾਂ ਨੂੰ ਪਿਆਇਆ ਜਾਂਦਾ ਹੈ। ਉਹ ਦੱਸਦੇ ਹਨ ਕਿ ਗੰਨੇ ਨੂੰ ਵੱਢਣ ਤੋਂ ਲੈ ਕੇ ਸਾਫ-ਸਫਾਈ ਅਤੇ ਗੰਨੇ ਦਾ ਰਸ ਕੱਢਣ ਦਾ ਕੰਮ ਉਹ ਰਲ਼ ਮਿਲ ਕੇ ਹੀ ਕਰਦੇ ਹਨ।

ਉਹ ਕਹਿੰਦੇ ਹਨ ਕਿ ਅੱਜ ਸਮੇਂ ਜੇਕਰ ਕਿਸਾਨੀ ਨੂੰ ਬਚਾਉਣਾ ਹੈ ਤਾਂ ਸਾਂਝੀ ਖੇਤੀ ਦੇ ਮਾਡਲ ਨੂੰ ਅਪਣਾ ਕੇ ਹੀ ਬਚਾਇਆ ਜਾ ਸਕਦਾ ਹੈ। ਕਿਉਂਕਿ ਅੱਜ ਦੇ ਜਿਆਦਾ ਕਿਸਾਨਾਂ ਕੋਲ ਜ਼ਮੀਨ ਥੌੜੀ ਹੈ ਅਤੇ ਉਹ ਵੱਡੇ ਸੰਦ ਖਰੀਦ ਕੇ ਖੇਤੀ ਦੀ ਲਾਗਤ ਵਧਾ ਲੈਂਦੇ ਹਨ ਅਤੇ ਖੇਤੀ ਵਿੱਚੋਂ ਜਦੋਂ ਮੁਨਾਫਾ ਨਹੀਂ ਹੁੰਦਾ ਤਾਂ ਖੇਤੀ ਘਾਟੇ ਦਾ ਸੌਦਾ ਬਣ ਜਾਂਦੀ ਹੈ। ਉਹ ਕਹਿੰਦੇ ਹਨ ਕਿ ਜਦੋਂ ਤੋਂ ਉਹ ਸਾਂਝੀ ਖੇਤੀ ਕਰਨ ਲੱਗੇ ਉਨ੍ਹਾਂ ਦੇ ਖੇਤੀਬਾੜੀ ਦੇ ਸੰਦ ਸਾਂਝੇ ਹਨ ਜਿਸ ਕਰਕੇ ਉਨ੍ਹਾਂ ਨੂੰ ਖੇਤੀ ਉਪਰ ਲਾਗਤ ਵੀ ਘੱਟ ਪੈਂਦੀ ਹੈ ਅਤੇ ਉਹ ਚੰਗਾ ਮੁਨਾਫਾ ਵੀ ਕਮਾ ਰਹੇ ਹਨ। ਇਨ੍ਹਾਂ ਦੋਸਤਾਂ ਵੱਲੋਂ ਕੀਤੀ ਜਾਂਦੀ ਸਾਂਝੀ ਖੇਤੀ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

Be First to Comment

Leave a Reply

Your email address will not be published. Required fields are marked *