Press "Enter" to skip to content

ਜਿੱਥੇ ਸਮਾਂ ਰੁੱਕ ਗਿਆ – ਦੁਨੀਆ ਦੀ ਸਭ ਤੋਂ ਅਲੱਗ-ਥਲੱਗ ਰਹੱਸਮਈ ਸੈਂਟੀਨਲੀਜ਼ ਜਨਜਾਤੀ (Sentinels Tribe)

ਕੀ ਤੁਸੀਂ ਸੋਚ ਸਕਦੇ ਹੋ ਕਿ ਭਾਰਤ ਵਿੱਚ ਇੱਕ ਐਸੀ ਜਗ੍ਹਾ ਹੈ ਜਿੱਥੇ ਸਮਾਂ ਅੱਜ ਵੀ ਹਜ਼ਾਰਾਂ ਸਾਲ ਪਹਿਲਾਂ ਵਾਂਗ ਰੁਕਿਆ ਹੋਇਆ ਹੈ? ਜਿੱਥੇ ਲੋਕ ਨਾ ਤਾਂ ਆਧੁਨਿਕ ਤਕਨਾਲੋਜੀ ਨੂੰ ਜਾਣਦੇ ਹਨ, ਨਾ ਹੀ ਖੇਤੀਬਾੜੀ ਅਤੇ ਨਾ ਹੀ ਬਾਹਰੀ ਸੱਭਿਆਚਾਰ ਨੂੰ ਸਵੀਕਾਰਦੇ ਹਨ। ਜਿੱਥੇ ਹਰ ਵਿਅਕਤੀ ਦਾ ਸਵਾਗਤ ਤੀਰ ਕਮਾਨ ਨਾਲ ਕੀਤਾ ਜਾਂਦਾ ਹੈ ਅਤੇ ਜਿੱਥੇ ਬਾਹਰਲੇ ਸ਼ਬਦ ਦਾ ਅਰਥ ਸਿਰਫ ਖਤਰਾ ਹੁੰਦਾ ਹੈ। ਇਹ ਹੈ ਸੈਂਟੀਨਲੀਜ ਜਨਜਾਤੀ (Sentinelese Island) ਦੁਨੀਆਂ ਦੀ ਸਭ ਤੋਂ ਰਹੱਸਮਈ, ਇਕੱਲੀ ਅਤੇ ਸਭ ਤੋਂ ਵੱਖਰੀ ਕੌਮ।

ਸੈਂਟੀਨਲੀਜ਼ ਕਿੱਥੇ ਰਹਿੰਦੇ ਹਨ?
ਸੈਂਟੀਨਲੀਜ਼ ਲੋਕ ਨਾਰਥ ਸੈਂਟੀਨਲ ਆਇਲੈਂਡ (North Sentinel Island) ‘ਤੇ ਰਹਿੰਦੇ ਹਨ। ਇਹ ਛੋਟਾ-ਜਿਹਾ ਟਾਪੂ ਬੰਗਾਲ ਦੀ ਖਾੜੀ ਵਿਚ, ਪੋਰਟ ਬਲੇਅਰ ਤੋਂ ਲਗਭਗ 50 ਕਿ.ਮੀ. ਪੱਛਮ ਵੱਲ ਸਥਿਤ ਹੈ। ਭਾਰਤੀ ਸਰਕਾਰ ਨੇ ਇਸਨੂੰ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਖੇਤਰ ਘੋਸ਼ਿਤ ਕੀਤਾ ਹੋਇਆ ਹੈ।ਇਹ ਕਾਨੂੰਨ ਸਿਰਫ਼ ਸੈਂਟੀਨਲੀਜ਼ ਲੋਕਾਂ ਦੀ ਸੁਰੱਖਿਆ ਲਈ ਹੀ ਨਹੀਂ ਸਗੋਂ ਬਾਹਰਲਿਆਂ ਦੀ ਜਾਨ ਬਚਾਉਣ ਲਈ ਵੀ ਬਣਾਇਆ ਗਿਆ ਹੈ। 1771 ਵਿੱਚ ਬ੍ਰਿਟਿਸ਼ ਨੇਵੀ ਦੇ ਅਧਿਕਾਰੀ ਜੌਨ ਰਿਚੀ (John Ritchie) ਨੇ ਦੂਰੋਂ ਇਸ ਟਾਪੂ ‘ਤੇ ਅੱਗ ਸੜਦੀ ਵੇਖੀ। ਉਸਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਇੱਥੇ ਲੋਕ ਰਹਿੰਦੇ ਹਨ। ਸੈਂਟੀਨਲੀਜ਼ ਦੀ ਅਸਲ ਗਿਣਤੀ ਕਿਸੇ ਨੂੰ ਨਹੀਂ ਪਤਾ। ਅੰਦਾਜ਼ਾ ਹੈ ਕਿ ਉਨ੍ਹਾਂ ਦੀ ਸੰਖਿਆ 50 ਤੋਂ 150 ਦੇ ਵਿਚਕਾਰ ਹੈ।ਇਹ ਅੰਕੜਾ ਹਵਾਈ ਸਰਵੇਖਣ ਰਾਹੀਂ ਝੋਂਪੜੀਆਂ ਦੀ ਗਿਣਤੀ ਅਤੇ ਸਮੁੰਦਰ-ਕਿਨਾਰੇ ਦਿੱਖਣ ਵਾਲੇ ਲੋਕਾਂ ਦੇ ਅਧਾਰ ‘ਤੇ ਲਗਾਇਆ ਜਾਂਦਾ ਹੈ।

ਜੀਵਨ ਸ਼ੈਲੀ ਅਤੇ ਸੱਭਿਆਚਾਰ
ਸੈਂਟੀਨਲੀਜ਼ ਅੱਜ ਵੀ ਆਦਿ-ਕਾਲ ਵਾਂਗ ਰਹਿੰਦੇ ਹਨ। ਉਹਨਾਂ ਦਾ ਜੀਵਨ ਸ਼ਿਕਾਰ ਕਰਨ ‘ਤੇ ਨਿਰਭਰ ਹਨ। ਉਹ ਮੱਛੀ ਫੜਦੇ ਹਨ, ਕੱਛੂਏ ਮਾਰਦੇ ਹਨ, ਸ਼ਹਿਦ, ਨਾਰੀਅਲ ਅਤੇ ਜੰਗਲੀ ਫ਼ਲ ਖਾਂਦੇ ਹਨ। ਉਹਨਾਂ ਨੂੰ ਖੇਤੀ-ਬਾੜੀ ਦਾ ਕੋਈ ਗਿਆਨ ਨਹੀਂ।ਸਮੁੰਦਰ ਨਾਲ ਆਉਣ ਵਾਲੇ ਧਾਤੂ ਟੁਕੜਿਆਂ ਨਾਲ ਤੀਰਾਂ ਦੀ ਨੋਕ ਤੇਜ਼ ਕਰਦੇ ਹਨ। ਤੀਰ-ਕਮਾਨ, ਭਾਲੇ, ਪੱਥਰ ਦੇ ਔਜ਼ਾਰ ਆਦਿ ਉਹਨਾਂ ਦੇ ਮੁੱਖ ਹਥਿਆਰ ਹਨ। ਉਹ ਕੱਪੜੇ ਨਹੀਂ ਪਾਉਂਦੇ ਸਿਰਫ਼ ਪੱਤਿਆਂ, ਬੇਲਾਂ ਅਤੇ ਹੱਡੀਆਂ ਨਾਲ ਸਰੀਰ ਢੱਕਦੇ ਜਾਂ ਸਜਾਉਂਦੇ ਹਨ। ਉਹ ਲੱਕੜ ਅਤੇ ਪੱਤਿਆਂ ਨਾਲ ਬਣੀਆਂ ਛੋਟੀਆਂ ਝੋਂਪੜੀਆਂ ਵਿੱਚ ਰਹਿੰਦੇ ਹਨ। ਉਹ ਅੱਗ ਦਾ ਪ੍ਰਯੋਗ ਖਾਣਾ ਪਕਾਉਣ ਅਤੇ ਗਰਮੀ ਲਈ ਕਰਦੇ ਹਨ। ਉਨ੍ਹਾਂ ਦੀ ਭਾਸ਼ਾ ਪੂਰੀ ਤਰ੍ਹਾਂ ਰਹੱਸਮਈ ਹੈ ਅਤੇ ਦੁਨੀਆ ਦੀ ਕਿਸੇ ਜਾਣੀ-ਪਹਿਚਾਣੀ ਭਾਸ਼ਾ ਨਾਲ ਨਹੀਂ ਮਿਲਦੀ।

ਸੈਂਟੀਨਲੀਜ਼ ਹਰ ਬਾਹਰੀ ਵਿਅਕਤੀ ਨੂੰ ਆਪਣਾ ਦੁਸ਼ਮਣ ਮੰਨਦੇ ਹਨ।ਜਦੋਂ ਵੀ ਕੋਈ ਜਹਾਜ਼, ਕਿਸ਼ਤੀ ਜਾਂ ਹੈਲੀਕਾਪਟਰ ਉਨ੍ਹਾਂ ਦੇ ਨੇੜੇ ਜਾਂਦਾ ਹੈ, ਉਹ ਤੁਰੰਤ ਤੀਰ-ਕਮਾਨ ਨਾਲ ਹਮਲਾ ਕਰਦੇ ਹਨ।2004 ਦੀ ਸੁਨਾਮੀ ਤੋਂ ਬਾਅਦ ਭਾਰਤ ਸਰਕਾਰ ਨੇ ਹੈਲੀਕਾਪਟਰ ਭੇਜਿਆ ਕਿ ਪਤਾ ਲੱਗੇ ਉਹ ਜ਼ਿੰਦਾ ਹਨ ਜਾਂ ਨਹੀਂ।ਉਨ੍ਹਾਂ ਨੇ ਹੈਲੀਕਾਪਟਰ ‘ਤੇ ਤੀਰ ਚਲਾਕੇ ਸਾਬਿਤ ਕੀਤਾ ਕਿ ਉਹ ਸੁਰੱਖਿਅਤ ਹਨ ਅਤੇ ਆਪਣੇ ਖੇਤਰ ਦੀ ਰੱਖਿਆ ਕਰ ਰਹੇ ਹਨ।

1991 ਦਾ ਇਤਿਹਾਸਕ ਸੰਪਰਕ
1991 ਵਿਚ ਪਹਿਲੀ ਵਾਰ ਭਾਰਤੀ ਮਨੁੱਖ-ਵਿਗਿਆਨੀ ਡਾ. ਮਧੂਮਾਲਾ ਚਟੋਪਾਧਿਆਏ ਅਤੇ ਟੀ.ਐਨ. ਪੰਡਿਤ ਦੀ ਟੀਮ ਨੇ ਉਨ੍ਹਾਂ ਨਾਲ ਸ਼ਾਂਤੀਪੂਰਣ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਕਿਸ਼ਤੀ ਤੋਂ ਨਾਰੀਅਲ ਪਾਣੀ ਵਿਚ ਸੁੱਟਦੇ ਸਨ ਅਤੇ ਸੈਂਟੀਨਲੀਜ਼ ਲੋਕ ਉਨ੍ਹਾਂ ਨੂੰ ਚੁੱਕ ਲੈਂਦੇ ਸਨ।ਪਹਿਲੀ ਵਾਰ ਅਜਿਹਾ ਹੋਇਆ ਕਿ ਉਨ੍ਹਾਂ ਨੇ ਬਿਨਾ ਹਮਲੇ ਦੇ ਬਾਹਰਲਿਆਂ ਨੂੰ ਨੇੜੇ ਆਉਣ ਦਿੱਤਾ। ਇੱਕ ਆਦਮੀ ਨੇ ਹਮਲਾ ਕਰਨ ਲਈ ਤੀਰ ਚੁੱਕਿਆ ਪਰ ਨਾਲ ਖੜ੍ਹੀ ਇੱਕ ਮਹਿਲਾ ਨੇ ਉਸਦਾ ਹੱਥ ਫੜਕੇ ਹੇਠਾਂ ਕਰ ਦਿੱਤਾ। ਇਤਿਹਾਸ ਵਿੱਚ ਪਹਿਲੀ ਵਾਰ ਦਰਜ ਹੋਇਆ ਕਿ ਸੈਂਟੀਨਲੀਜ਼ ਕੁਝ ਸਮੇਂ ਲਈ ਦੋਸਤਾਨਾ ਦਿਖੇ। ਪਰ ਜਲਦੀ ਹੀ ਸਰਕਾਰ ਨੇ ਫ਼ੈਸਲਾ ਲਿਆ ਕਿ ਹੁਣ ਅੱਗੇ ਤੋਂ ਕੋਈ ਵੀ ਸੰਪਰਕ ਨਹੀਂ ਕੀਤਾ ਜਾਵੇਗਾ।

ਖਾਸ ਘਟਨਾਵਾਂ ਅਤੇ ਕਤਲ
2006 ਦੀ ਘਟਨਾ – ਦੋ ਭਾਰਤੀ ਮਛੇਰੇ (ਸੁੰਦਰ ਰਾਜ ਅਤੇ ਪੰਡਿਤ ਤਿਵਾਰੀ) ਸ਼ਰਾਬ ਪੀ ਕੇ ਕਿਸ਼ਤੀ ‘ਚ ਸੋ ਗਏ। ਜਵਾਰ (Tide) ਉਨ੍ਹਾਂ ਨੂੰ ਉੱਤਰੀ ਸੈਂਟੀਨਲ ਟਾਪੂ ਤੱਕ ਲੈ ਗਿਆ। ਸਵੇਰ ਉਠਦਿਆਂ ਹੀ ਸੈਂਟੀਨਲੀਜ਼ ਨੇ ਉਨ੍ਹਾਂ ‘ਤੇ ਹਮਲਾ ਕਰਕੇ ਮਾਰ ਦਿੱਤਾ। ਬਾਅਦ ਵਿੱਚ ਤਟਰੱਖਿਆ ਬਲ ਨੇ ਹੈਲੀਕਾਪਟਰ ਨਾਲ ਖੋਜ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੀਆਂ ਲਾਸ਼ਾਂ ਰੇਤ ਵਿਚ ਗੱਡ ਦਿੱਤੀਆਂ ਗਈਆਂ ਹਨ। ਪਰ ਜਿਵੇਂ ਹੀ ਹੈਲੀਕਾਪਟਰ ਨੇੜੇ ਗਿਆ, ਸੈਂਟੀਨਲੀਜ਼ ਨੇ ਤੀਰ ਚਲਾਉਣ ਸ਼ੁਰੂ ਕਰ ਦਿੱਤੇ। ਇਸ ਕਾਰਨ ਲਾਸ਼ਾਂ ਵਾਪਸ ਨਹੀਂ ਲਿਆਂਦੀਆਂ ਗਈਆਂ।
2018 ਦੀ ਘਟਨਾ – ਅਮਰੀਕੀ ਮਿਸ਼ਨਰੀ ਜੌਨ ਐਲਨ ਚਾਉ (John Allen Chau) ਗੈਰਕਾਨੂੰਨੀ ਤੌਰ ‘ਤੇ ਟਾਪੂ ‘ਤੇ ਪਹੁੰਚਿਆ। ਉਸਦਾ ਮਕਸਦ ਸੀ ਈਸਾਈ ਧਰਮ ਦਾ ਪ੍ਰਚਾਰ ਕਰਨਾ। ਪਰ ਸੈਂਟੀਨਲੀਜ਼ ਨੇ ਉਸਨੂੰ ਤੀਰ ਮਾਰਕੇ ਮਾਰ ਦਿੱਤਾ। ਉਸਦੀ ਲਾਸ਼ ਵੀ ਕੰਢੇ ‘ਤੇ ਗੱਡ ਦਿੱਤੀ ਗਈ।
ਭਾਰਤ ਸਰਕਾਰ ਦੀ ਨੀਤੀ
ਭਾਰਤ ਸਰਕਾਰ ਅਤੇ ਸੰਯੁਕਤ ਰਾਸ਼ਟਰ ਦੋਵਾਂ ਦੀ ਨੀਤੀ ਹੈ ਕਿ ਸੈਂਟੀਨਲੀਜ਼ ਨੂੰ ਜਿਹੋ ਜਿਹੀ ਸਥਿਤੀ ਵਿੱਚ ਹਨ ਉਹੋ ਜਿਹੇ ਹੀ ਰਹਿਣ ਦਿੱਤਾ ਜਾਵੇ।ਉਨ੍ਹਾਂ ਨਾਲ ਕੋਈ ਸੰਪਰਕ ਜਾਂ ਦਖ਼ਲਅੰਦਾਜ਼ੀ ਨਹੀਂ ਹੋਵੇਗੀ।ਬਾਹਰਲੇ ਉਨ੍ਹਾਂ ਦੇ ਨੇੜੇ ਨਹੀਂ ਜਾ ਸਕਦੇ।ਇਸ ਨੀਤੀ ਨੂੰ “Hands Off Policy” ਕਿਹਾ ਜਾਂਦਾ ਹੈ। ਸੈਂਟੀਨਲੀਜ਼ ਨੂੰ ਗਿਣਤੀ ਜਾਂ ਲੇਖਨ ਦਾ ਕੋਈ ਗਿਆਨ ਨਹੀਂ। ਉਹ ਕਿਸ਼ਤੀ ਨੂੰ ਖੁੱਲ੍ਹੇ ਸਮੁੰਦਰ ਵਿਚ ਨਹੀਂ ਲੈ ਜਾਂਦੇ, ਸਿਰਫ਼ ਕੰਢੇ ‘ਤੇ ਹੀ ਮੱਛੀ ਫੜਦੇ ਹਨ। ਉਨ੍ਹਾਂ ਦੇ ਤੀਰ ਸਧਾਰਣ ਪਰ ਬਹੁਤ ਸਹੀ ਨਿਸ਼ਾਨੇ ਵਾਲੇ ਹੁੰਦੇ ਹਨ।ਉਨ੍ਹਾਂ ਦੀ ਭਾਸ਼ਾ ਅੱਜ ਵੀ ਦੁਨੀਆ ਲਈ ਸਭ ਤੋਂ ਵੱਡੀ ਪਹੇਲੀ ਹੈ। ਉਹ ਆਪਣੀ ਜ਼ਮੀਨ ਅਤੇ ਸਭਿਆਚਾਰ ਦੀ ਰੱਖਿਆ ਲਈ ਬਹੁਤ ਹੀ ਸਤਰਕ ਅਤੇ ਆਕਰਮਕ ਹਨ।ਸੈਂਟੀਨਲੀਜ਼ ਜਨਜਾਤੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਗੁੱਥੀਆਂ ਵਿਚੋਂ ਇੱਕ ਹੈ। ਉਹ ਸਾਬਿਤ ਕਰਦੇ ਹਨ ਕਿ ਆਧੁਨਿਕਤਾ ਅਤੇ ਸਭਿਆਚਾਰ ਭਾਵੇਂ ਕਿੰਨੇ ਵੀ ਅੱਗੇ ਕਿਉਂ ਨਾ ਵੱਧ ਜਾਣ, ਕੁਝ ਸਮੂਹ ਆਪਣੀ ਪ੍ਰੰਪਰਾ ਅਤੇ ਜੀਵਨ-ਸ਼ੈਲੀ ਨੂੰ ਬਚਾਉਣ ਲਈ ਬਾਹਰੀ ਦੁਨੀਆ ਤੋਂ ਵੱਖ ਰਹਿਣਾ ਪਸੰਦ ਕਰਦੇ ਹਨ। ਉਹਨਾਂ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਹਰ ਸਮਾਜ ਨੂੰ ਆਪਣੀ ਸੰਸਕ੍ਰਿਤੀ ਅਤੇ ਜੀਵਨ ਜਿਉਣ ਦਾ ਅਧਿਕਾਰ ਹੈ। ਸ਼ਾਇਦ ਇਹੀ ਕਾਰਨ ਹੈ ਕਿ ਉਹ ਅੱਜ ਵੀ ਜੀਵਤ ਅਤੇ ਸੁਰੱਖਿਅਤ ਹਨ।

ਲੇਖਕ : ਹਰਵਿੰਦਰ ਰੋਮੀ, ਸਮਾਜਿਕ ਸਿੱਖਿਆ ਮਾਸਟਰ (ਬਰਨਾਲਾ)
ਮੋਬਾਈਲ : 8528838000
Email – rommyharvinder@gmail.com

Be First to Comment

Leave a Reply

Your email address will not be published. Required fields are marked *