ਭਾਰਤ 200 ਸਾਲ ਤੋਂ ਵੀ ਜ਼ਿਆਦਾ ਸਮੇਂ ਲਈ ਅੰਗ੍ਰੇਜਾਂ ਦਾ ਗੁਲਾਮ ਰਿਹਾ। ਸਾਡੇ ਖੇਤਾਂ ਦੀ ਫ਼ਸਲ, ਸਾਡੇ ਕਾਰੀਗਰਾਂ ਦਾ ਹੁਨਰ ਅਤੇ ਸਾਡੀ ਦੌਲਤ ਸਭ ਕੁਝ ਇੰਗਲੈਂਡ ਦੇ ਖਜ਼ਾਨਿਆਂ ਵਿੱਚ ਦਫ਼ਨ ਹੋ ਗਏ। ਅਣਗਿਣਤ ਬਲੀਦਾਨ ਤੇ ਪੀੜ੍ਹੀਆਂ ਦੇ ਸੰਘਰਸ਼ ਤੋਂ ਬਾਅਦ 15 ਅਗਸਤ 1947 ਦੀ ਮੱਧਵਰਤੀ ਰਾਤ ਭਾਰਤ ਨੂੰ ਆਜ਼ਾਦੀ ਪ੍ਰਾਪਤ ਹੋਈ। ਦਿਲਚਸਪ ਗੱਲ ਇਹ ਹੈ ਕਿ 15 ਅਗਸਤ ਸਿਰਫ਼ ਭਾਰਤ ਲਈ ਹੀ ਨਹੀਂ, ਸਗੋਂ ਦੁਨੀਆਂ ਦੇ ਕਈ ਹੋਰ ਦੇਸ਼ਾਂ ਦਾ ਵੀ ਇਤਿਹਾਸਿਕ ਦਿਨ ਹੈ। ਦੱਖਣੀ ਕੋਰੀਆ, ਉੱਤਰੀ ਕੋਰੀਆ, ਕਾਂਗੋ ਗਣਰਾਜ, ਬਹਿਰੀਨ ਅਤੇ ਲਿਕਟੈਂਸਟਾਈਨ ਵਰਗੇ ਦੇਸ਼ ਵੀ 15 ਅਗਸਤ ਨੂੰ ਆਜ਼ਾਦੀ ਜਾਂ ਰਾਸ਼ਟਰੀ ਦਿਵਸ ਵਜੋਂ ਮਨਾਉਂਦੇ ਹਨ। ਭਾਵੇਂ ਇਹਨਾਂ ਦੇਸ਼ਾਂ ਦੀਆਂ ਕਹਾਣੀਆਂ ਵੱਖਰੀਆਂ ਵੱਖਰੀਆਂ ਹਨ ਪਰ ਉਹਨਾਂ ਦੇ ਸੰਘਰਸ਼, ਹਾਲਾਤ ਅਤੇ ਦੁਸ਼ਮਣ ਵੱਖਰੇ-ਵੱਖਰੇ ਰਹੇ ਪਰ ਮੰਜ਼ਿਲ ਇੱਕੋ ਸੀ -ਆਜ਼ਾਦੀ ਤੇ ਰਾਸ਼ਟਰੀ ਸਵੈਮਾਨ।

1) ਭਾਰਤ (India) -ਬ੍ਰਿਟਿਸ਼ ਰਾਜ ਅਤੇ ਆਜ਼ਾਦੀ ਦਾ ਸਫ਼ਰ
ਭਾਰਤ ਨੂੰ ਬ੍ਰਿਟਿਸ਼ ਸਾਮਰਾਜ ਕੋਲੋਂ ਅੱਜ ਤੋਂ 78 ਸਾਲ ਪਹਿਲਾਂ 15 ਅਗਸਤ 1947 ਨੂੰ ਆਜ਼ਾਦੀ ਮਿਲੀ। ਦਿੱਲੀ ਦੇ ਇਤਿਹਾਸਿਕ ਲਾਲ ਕਿਲੇ ਤੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤਿਰੰਗਾ ਲਹਿਰਾਉਂਦੇ ਹਨ। ਇਸ ਤੋਂ ਬਾਅਦ 21 ਤੋਂਪਾਂ ਦੇ ਸਲਾਮੀ ਤੇ ਸ਼ਾਨਦਾਰ ਪਰੇਡ ਹੁੰਦੀ ਹੈ।

2) ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੀ ਆਜ਼ਾਦੀ- ਜਾਪਾਨੀ ਰਾਜ ਤੋਂ ਰੌਸ਼ਨੀ ਦੀ ਵਾਪਸੀ
1910 ਤੋਂ 1945 ਤੱਕ ਕੋਰੀਆ ਉੱਤੇ ਜਾਪਾਨ ਦਾ ਕਬਜ਼ਾ ਰਿਹਾ। ਜਾਪਾਨ ਨੇ ਕੋਰੀਆ ਭਾਸ਼ਾ ‘ਤੇ ਪਾਬੰਦੀ ਲਗਾਈ, ਲੋਕਾਂ ਨੂੰ ਜਾਪਾਨੀ ਨਾਮ ਰੱਖਣ ਲਈ ਮਜਬੂਰ ਕੀਤਾ ਅਤੇ ਦੇਸ਼ ਦੇ ਸੰਸਾਧਨਾਂ ਦੀ ਲੁੱਟ-ਖਸੁੱਟ ਤੇ ਸ਼ੋਸ਼ਣ ਕੀਤਾ। ਦੂਜੇ ਵਿਸ਼ਵ ਯੁੱਧ ਦੇ ਅੰਤ ਵਿੱਚ 15 ਅਗਸਤ 1945 ਵਿੱਚ ਜਾਪਾਨ ਦੀ ਹਾਰ ਨਾਲ ਕੋਰੀਆ ਆਜ਼ਾਦ ਤਾਂ ਹੋ ਗਿਆ। ਪ੍ਰੰਤੂ ਤੁਰੰਤ ਹੀ ਵਿਦੇਸ਼ੀ ਤਾਕਤਾਂ ਦੇ ਪ੍ਰਭਾਵ ਹੇਠ ਆ ਗਿਆ। ਅਮਰੀਕਾ ਤੇ ਸੋਵੀਅਤ ਯੂਨੀਅਨ ਨੇ ਕੋਰੀਆ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਉੱਤਰੀ ਹਿੱਸਾ ਜਿਸ ਉੱਤੇ ਸੋਵੀਅਤ ਯੂਨੀਅਨ ਅਤੇ ਦੱਖਣੀ ਹਿੱਸਾ ਜਿਸ ਉੱਤੇ ਅਮਰੀਕਾ ਦਾ ਪ੍ਰਭਾਵ ਸੀ।

ਇਹ ਵੰਡ 1948 ਵਿੱਚ ਸਥਾਈ ਰਾਜਨੀਤਿਕ ਹਕੀਕਤ ਬਣ ਗਈ ਤੇ ਦੋ ਵੱਖਰੇ ਦੇਸ਼ ਬਣੇ -ਉੱਤਰੀ ਕੋਰੀਆ (Democratic Peoples Republic of Korea) ਅਤੇ ਦੱਖਣੀ ਕੋਰੀਆ (Republic of Korea)। 1950 ਤੋਂ ਬਾਅਦ ਇਹ ਦੋਵੇਂ ਦੇਸ਼ ਅਮਰੀਕਾ ਅਤੇ ਸੋਵੀਅਤ ਯੂਨੀਅਨ ਦੇ ਸਿੱਧੇ ਕਬਜ਼ੇ ਤੋਂ ਬਾਹਰ ਹੋ ਗਏ ਅਤੇ ਆਪਣੀ ਰਾਜਨੀਤਿਕ ਖ਼ੁਦਮੁਖਤਿਆਰੀ ਕਾਇਮ ਕਰ ਲਈ।

3)ਬਹਿਰੀਨ (Bahrain)- ਬ੍ਰਿਟਿਸ਼ ਰਾਜ ਦੇ ਅੰਤ ਦੀ ਯਾਦ
ਬਹਿਰੀਨ ਨੇ 15 ਅਗਸਤ 1971 ਨੂੰ ਆਪਣੀ ਆਜ਼ਾਦੀ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਬਹਿਰੀਨ ਅਧਿਕਾਰਿਤ ਤੌਰ ਤੇ ਸੁਤੰਤਰ ਸੀ, ਪਰ ਉਸਦੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦਾ ਨਿਯੰਤ੍ਰਣ ਬ੍ਰਿਟੇਨ ਕੋਲ ਸੀ। 1971 ਵਿੱਚ ਦੋਹਾਂ ਦੇਸ਼ਾਂ ਵਿਚਕਾਰ ਮਿੱਤਰਤਾ ਸੰਧੀ ਹੋਈ ਜਿਸ ਅਨੁਸਾਰ ਬ੍ਰਿਟੇਨ ਨੇ ਬਹਿਰੀਨ ਨੂੰ ਸੰਪੂਰਨ ਪ੍ਰਭੂਸੱਤਾ ਦੇਸ਼ ਮੰਨ ਲਿਆ। ਹਾਲਾਂਕਿ ਬਹਿਰੀਨ 15 ਅਗਸਤ ਨੂੰ ਆਜ਼ਾਦ ਹੋਇਆ, ਪਰ ਉਹ ਆਪਣੇ ਦੇਸ ਦੇ ਅਮੀਰ (ਸਾਸ਼ਕ) ਇਸਾ ਬਿਨ ਸਲਮਾਨ ਅਲ ਅਮੀਰ ਦੇ ਗੱਦੀ ਤੇ ਬੈਠਣ ਵਾਲੇ ਦਿਨ 16 ਦਿਸੰਬਰ ਨੂੰ ਹੀ ਰਾਸ਼ਟਰੀ ਦਿਵਸ ਵਜੋਂ ਮਨਾਉਂਦੇ ਹਨ।

4)ਕਾਂਗੋ ਗਣਰਾਜ (Republic of Congo)- ਫ਼ਰਾਂਸੀਸੀ ਸ਼ਾਸਨ ਤੋਂ ਆਜ਼ਾਦੀ
ਕਾਂਗੋ ਗਣਰਾਜ ਦੇਸ਼ ਨੂੰ ਫ਼ਰਾਂਸ ਤੋਂ 65 ਸਾਲ ਪਹਿਲਾਂ 1960 ਵਿੱਚ ਆਜ਼ਾਦੀ ਮਿਲੀ। 19ਵੀਂ ਸਦੀ ਦੇ ਅੰਤ ਵਿੱਚ ਫ਼ਰਾਂਸ ਨੇ ਮੱਧ ਅਫ਼ਰੀਕਾ ਦੇ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ। ਉਸ ਨੇ ਕਾਂਗੋ ਦੇ ਸੰਸਾਧਨਾਂ ਦਾ ਸ਼ੋਸ਼ਣ ਕੀਤਾ। ਜਿਸ ਨਾਲ ਲੋਕਾਂ ਵਿੱਚ ਨਫ਼ਰਤ ਦੀ ਭਾਵਨਾ ਪੈਦਾ ਹੋ ਗਈ ਤੇ ਸੁਤੰਤਰਤਾ ਲਈ ਅੰਦੋਲਨ ਸ਼ੁਰੂ ਹੋਏ। ਕਾਂਗੋ ਵਿੱਚ ਹਰ ਸਾਲ 15 ਅਗਸਤ ਨੂੰ ਬ੍ਰਾਜ਼ਾਵਿਲ ਦੇ ਰਾਸ਼ਟਰੀ ਚੌਂਕ ਵਿੱਚ ਰਿਵਾਇਤੀ ਨਾਚ-ਗੀਤ ਤੇ ਰਾਸ਼ਟਰੀ ਝੰਡਾ ਲਹਿਰਾ ਕੇ ਜਸ਼ਨ ਮਨਾਇਆ ਜਾਂਦਾ ਹੈ।

5)ਲਿਕਟੈਂਸਟਾਈਨ (Liechtenstein) – ਰਾਸ਼ਟਰੀ ਏਕਤਾ ਦਾ ਪ੍ਰਤੀਕ
ਲਿਕਟੈਂਸਟਾਈਨ 15 ਅਗਸਤ ਨੂੰ ਆਜ਼ਾਦੀ ਦਿਵਸ ਵਜੋਂ ਨਹੀਂ ਬਲਕਿ ਆਪਣੇ ਦੇਸ਼ ਦੇ ਰਾਸ਼ਟਰੀ ਦਿਵਸ ਵਜੋਂ ਮਨਾਉਂਦਾ ਹੈ। ਇਹ ਦੇਸ਼ ਕਦੇ ਵੀ ਕਿਸੇ ਬਾਹਰਲੀ ਹਕੂਮਤ ਦੇ ਅਧੀਨ ਨਹੀਂ ਰਿਹਾ। ਉਹਨਾਂ ਲਈ 15 ਅਗਸਤ ਦਾ ਦਿਨ ਸ਼ਾਹੀ ਪਰਿਵਾਰਾਂ ਦੇ ਜਨਮ ਦਿਨ ਅਤੇ ਉਨਾਂ ਨਾਲ ਜੁੜੇ ਤਿਉਹਾਰਾਂ ਨੂੰ ਸਮਰਪਿਤ ਹੈ। ਇਹ ਦਿਨ ਦੇਸ਼ ਦੀ ਰਾਸ਼ਟਰੀ ਏਕਤਾ, ਸੱਭਿਅਤਾ ਅਤੇ ਰਾਜਨੀਤਿਕ ਸਥਿਰਤਾ ਦਾ ਪ੍ਰਤੀਕ ਹੈ।

ਲੇਖਕ : ਹਰਵਿੰਦਰ ਰੋਮੀ, ਸਮਾਜਿਕ ਸਿੱਖਿਆ ਮਾਸਟਰ (ਬਰਨਾਲਾ)
ਮੋਬਾਈਲ : 8528838000
Email – rommyharvinder@gmail.com

15 ਅਗਸਤ ਨੂੰ ਸਿਰਫ਼ ਭਾਰਤ ਹੀ ਨਹੀਂ,ਇਹ ਦੇਸ਼ ਵੀ ਮਨਾਉਂਦੇ ਹਨ ਆਜ਼ਾਦੀ ਤੇ ਰਾਸ਼ਟਰੀ ਦਿਵਸ
More from ArticleMore posts in Article »






Be First to Comment