ਗਿਆਨੀ ਗਿਆਨ ਸਿੰਘ ਦੀ ਕਿਰਤ ‘ਤਵਾਰੀਖ ਗੁਰੂ ਖਾਲਸਾ (1885)’ ਵਿੱਚ ਦਿਲਚਸਪ ਕਥਾ ਦਾ ਜ਼ਿਕਰ ਹੈ। ਜਿਹਦੇ ਮੁਤਾਬਿਕ ਫ਼ਰੀਦਕੋਟ ਦੇ ਰਾਜੇ ਮੋਕਲ ਦੀ ਖ਼ੂਬਸੂਰਤ ਧੀ ਨੇ ਆਪਣੇ ਵਿਆਹ ਲਈ ਅਜੀਬ ਸ਼ਰਤ ਰੱਖੀ। ਉਹ ਚੰਗੀ ਕੱਦ-ਕਾਠੀ ਵਾਲੇ ਬੰਦੇ ਨਾਲ ਵਿਆਹ ਕਰੇਗੀ ਜੋ ਉਹਦੇ ਮਹਿਲ ਤੱਕ ਕਿਸ਼ਤੀ ਰਾਹੀਂ ਆਵੇਗਾ। ਫ਼ਿਰੋਜ਼ ਸ਼ਾਹ ਤੁਗਲਕ ਨਹਿਰਾਂ ਕੱਢਣ ਦੇ ਮਾਮਲੇ ਵਿੱਚ ਮਸ਼ਹੂਰ ਹੁਕਮਰਾਨ ਹੋਇਆ ਹੈ। ਫ਼ਿਰੋਜ਼ ਸ਼ਾਹ ਨੇ ਸਤਲੁਜ ਵਿੱਚੋਂ ਨਹਿਰ ਕੱਢੀ ਜੋ ਧਰਮਕੋਟ-ਕੋਟ ਈਸੇ ਖਾਨ-ਮੁੱਦਕੀ ਤੋਂ ਫ਼ਰੀਦਕੋਟ ਜਾ ਕੇ ਰਾਜੇ ਦੇ ਕਿਲ੍ਹੇ ਦੇ ਮੂਹਰਿਉਂ ਲੰਘਦੀ ਸੀ। ਬਾਦਸ਼ਾਹ ਕਿਸ਼ਤੀ ਵਿੱਚ ਰਾਜੇ ਦੇ ਮਹਿਲ ਤੱਕ ਪਹੁੰਚਿਆ ਅਤੇ ਕੁੜੀ ਨੂੰ ਵਿਆਹੁਣ ਵਿੱਚ ਕਾਮਯਾਬ ਹੋਇਆ।
ਇਸ ਕਹਾਣੀ ਦੀ ਸੱਚਾਈ ਉੱਤੇ ਸਵਾਲੀਆ ਨਿਸ਼ਾਨ ਹੋ ਸਕਦਾ ਹੈ ਪਰ ਇਸ ਕਹਾਣੀ ਵਿਚਲੀ ਬਾਦਸ਼ਾਹੀ ਨਹਿਰ ਦਾ ਰਸਤਾ ਡਗਰੂ ਵਾਲੇ ਨਾਲੇ ਨਾਲ ਮੇਲ ਖਾਂਦਾ ਹੈ। ਜੋ ਧਰਮਕੋਟ ਅਤੇ ਕੋਟ ਈਸੇ ਖਾਨ ਦੇ ਦੱਖਣ ਤੋਂ ਸਲੀਣਾ-ਡਗਰੂ-ਬਘੇਲੇਵਾਲਾ-ਮੰਗੇਵਾਲਾ-ਮੁੱਦਕੀ-ਮਿਸ਼ਰੀਵਾਲਾ-ਪੱਕੇ ਤੋਂ ਹੁੰਦਾ ਹੋਇਆ ਫ਼ਰੀਦਕੋਟ ਦੇ ਨੇੜੇ ਜਾ ਪਹੁੰਚਦਾ ਹੈ। ਇਸ ਨਾਲੇ ਜਾਂ ਨਹਿਰ ਦੇ ਨਾਲ ਨਾਲ ਦੰਦੇ ਦੇ ਖਿੱਤਾ ਦੀ ਉੱਚਾਈ ਅਤੇ ਨੀਵਾਣ ਫੈਲੀ ਹੋਈ ਸੀ।
ਹਰ ਦਰਿਆ ਵਾਂਗ ਸਤਲੁਜ ਨੀਵੀਂ ਵਾਦੀ ਵਿੱਚ ਵਗਦਾ ਹੈ। ਇਹਦੇ ਬਿਲਕੁਲ ਨੇੜਲੀ ਧਰਤੀ ਨੂੰ ਬੇਟ (Lowland) ਕਹਿੰਦੇ ਹਨ।ਇਹ ਤਕਰੀਬਨਦਸ ਤੋਂ ਪੱਚੀ ਕਿਲੋਮੀਟਰ ਤੱਕ ਚੌੜਾ ਹੁੰਦਾ ਹੈ। ਅੱਧੀ ਸਦੀ ਪਹਿਲਾਂ, ਜਿੱਥੇ ਬੇਟ ਰੂਪੀ ਨੀਵੀਂ ਧਰਤੀ ਖਤਮ ਹੁੰਦੀ ਸੀ, ਉੱਥੋਂ ਉੱਚੇ ਉੱਚੇ ਟਿੱਬਿਆਂ ਦੀਆਂ ਲੜੀਆਂ ਸ਼ੁਰੂ ਹੁੰਦੀਆਂ ਸਨ। ਜਿਹਨੂੰ ‘ਢਾਹਾ’ (ਉੱਚੀ ਧਰਤੀ, Uplands or Highlands) ਕਹਿੰਦੇ ਹਨ। ਇਹਨੂੰ ਦਰਿਆ ਦਾ ‘ਉੱਚਾ ਕੰਢਾ (High Bank)’ ਅਤੇ ‘ਪੁਰਾਣਾ ਕੰਢਾ (Old Bank)’ ਵੀ ਕਿਹਾ ਜਾਂਦਾ ਹੈ। ਇਹ ਡੇਢ ਸੌ ਫੁੱਟ ਤੋਂ ਤਿੰਨ ਸੌ ਫੁੱਟ ਤੱਕ ਉੱਚਾ ਹੁੰਦਾ ਸੀ। ਬੇਟ ਦੀ ਨੀਵੀਂ ਧਰਤੀ ਵਿੱਚ ਦਰਿਆ ਇਧਰ-ਉਧਰ ਵਹਿਣ ਬਦਲਦਾ ਰਹਿੰਦਾ ਸੀ। ਹੜ੍ਹਾਂ ਦਾ ਉਛਲਿਆ ਪਾਣੀ ਕਈ ਵਾਰ ਢਾਹੇ ਵਿੱਚ ਮੌਜੂਦ ਨੀਵੀਂ ਧਰਤੀ ਰਾਹੀਂ ਥਾਂ ਬਣਾ ਕੇ ਹੋਰ ਦੂਰ ਤੱਕ ਫੈਲ ਜਾਂਦਾ ਸੀ।
ਪੁਰਾਣੇ ਫ਼ਿਰੋਜ਼ਪੁਰ, ਲਾਹੌਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਬੇਟ ਦੀ ਜ਼ਮੀਨ ਲਈ ਸ਼ਬਦ ‘ਹਿਠਾੜ (ਅਠਾੜ)’ ਅਤੇ ਢਾਹੇ (ਉੱਚੀ ਧਰਤੀ) ਵਾਲੀ ਜ਼ਮੀਨ ਲਈ ‘ਉਤਾੜ’ ਸ਼ਬਦ ਵਰਤੇ ਜਾਂਦੇ ਸਨ। ਦਰਿਆ ਦੇ ਬੇਟ ਵਿੱਚ ਘੁੰਮਦਾ ਪਾਣੀ ਢਾਹੇ ਦੇ ਪੈਰਾਂ ਵਿੱਚ ਖਾਰ ਪਾਉਂਦਾ ਰਹਿੰਦਾ ਸੀ। ਜਿਹਨੂੰ ਫ਼ਰੀਦਕੋਟ ਦੇ ਇਲਾਕੇ ਵਿੱਚ ਪਾਣੀ ਦੀ ਖਾਰ ਨਾਲ ਦੰਦੇ ਬਣਾਉਣਾ ਕਹਿੰਦੇ ਸਨ। ਉਂਝ ਤਾਂ ਢਾਹੇ ਰੂਪੀ ਉੱਚੀ ਧਰਤੀ ਰੋਪੜ (ਹੁਣ ਰੂਪਨਗਰ) ਤੋਂ ਸ਼ੁਰੂ ਹੋ ਕੇ ਸਤਲੁਜ ਦੇ ਨਾਲ ਨਾਲ ਚੱਲਦੀ ਰਹਿੰਦੀ ਸੀ ਪਰ ਅਸੀਂ ਜਿਨ੍ਹਾਂ ਖਾਸ ਦੰਦਿਆਂ ਜਾਂ ਢਾਹਿਆਂ (ਉੱਚੀ ਧਰਤੀ) ਦੀ ਗੱਲ ਕਰਨੀ ਹੈ। ਉਹ ਮੁਲਕ ਦੀ ਤਕਸੀਮ ਤੋਂ ਪਹਿਲਾਂ ਦੇ ਲੁਧਿਆਣਾ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਮੌਜੂਦ ਸਨ।
ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਤਿੰਨ ਪਠਾਰ (Plateaux) ਸਨ। ਪਠਾਰ (Plateau) ਦਾ ਅਰਥ ਉਸ ਉੱਚੀ ਅਤੇ ਉੱਭਰੀ ਹੋਈ ਧਰਤੀ ਤੋਂ ਹੈ ਜੋ ਪਹਾੜ ਵਾਂਗ ਦਿਸਦੀ ਹੈ ਪਰ ਇਹਦਾ ਸਿਖ਼ਰਲਾ ਹਿੱਸਾ ਤਕਰੀਬਨ ਪੱਧਰੇ ਮੈਦਾਨ ਵਰਗਾ ਹੁੰਦਾ ਹੈ। ਸਾਡੇ ਮੁਲਕ ਵਿੱਚ ਕਈ ਪਠਾਰ ਮਸ਼ਹੂਰ ਹਨ ਜਿਵੇਂ ਛੋਟਾ ਨਾਗਪੁਰ ਪਠਾਰ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਤਿੰਨ ਪਠਾਰਾਂ ਵਿੱਚੋਂ ਦੋ ਪਠਾਰ ਸਤਲੁਜ ਦੇ ਪੁਰਾਣੇ ਜਾਂ ਉੱਚੇ ਕੰਢੇ ਜਾਂ ਢਾਹੇ ਦੇ ਰੂਪ ਵਿੱਚ ਸਨ। ਇਨ੍ਹਾਂ ਦੋ ਉੱਭਰੀਆਂ ਧਰਤੀਆਂ ਨੂੰ ਦੰਦੇ ਕਿਹਾ ਜਾਂਦਾ ਸੀ, ਵੱਡਾ ਦੰਦਾ (Greater Danda) ਅਤੇ ਹੇਠਲਾ ਦੰਦਾ (Lower Danda)। ਤੀਜਾ ਪਠਾਰ, ਜਿਹਨੂੰ ਭੂਗੋਲ ਦੀਆਂ ਕਿਤਾਬਾਂ ਅਤੇ ਬਸਤਾਨੀ ਲਿਖਤਾਂ (Colonial Texts) ਵਿੱਚ ਕੋਟ-ਕਪੂਰਾ ਪਠਾਰ (Kot-kapura Plateau) ਕਿਹਾ ਗਿਆ ਹੈ। ਇਸ ਪਠਾਰ ਨੂੰ ‘ਉੱਪਰਲੀ ਰੋਹੀ’ ਅਤੇ ‘ਉਤਾੜ’ ਵੀ ਲਿਖਿਆ ਗਿਆ ਹੈ। ਕੋਟ-ਕਪੂਰਾ ਪਠਾਰ ਦੇ ਪੱਛਮੀ ਹਿੱਸੇ ਨਾਲ ਵੱਡਾ ਦੰਦਾ ਲਗਦਾ ਸੀ ਅਤੇ ਦੰਦੇ ਦੇ ਪੱਛਮ ਵਿੱਚ ਜੋ ਖ਼ਾਸ ਨੀਵਾਂ ਰੇਤਲਾ ਮੈਦਾਨ ਸੀ। ਲਿਖਤਾਂ ਵਿੱਚ ਉਹਨੂੰ ‘ਮੁੱਦਕੀ ਦਾ ਮੈਦਾਨ’ (Mudki Plain) ਕਿਹਾ ਗਿਆ ਹੈ। ‘ਮੁੱਦਕੀ ਮੈਦਾਨ’ ਨੂੰ ‘ਨੀਵੀਂ ਰੋਹੀ ਅਤੇ ‘ਹਿਠਾੜ’ ਵੀ ਲਿਖਿਆ ਹੈ। ਇਹ ਵੱਡੇ ਦੰਦੇ ਦੇ ਪੈਰਾਂ ਵਿੱਚ ਮੌਜੂਦ ਨੀਵੀਂ ਧਰਤੀ ਸੀ। ਮੁੱਦਕੀ ਮੈਦਾਨ ਦੇ ਪੱਛਮ ਵਿੱਚ ਪਿੰਡ ਝੋਕ ਹਰੀਹਰ ਤੋਂ ਹੇਠਲਾ ਜਾਂ ਛੋਟਾ ਦੰਦਾ ਸ਼ੁਰੂ ਹੋ ਜਾਂਦਾ ਸੀ।
ਸੁਭਾਸ਼ ਪਰਿਹਾਰ ਨੇ ਆਪਣੀ ਕਿਤਾਬ ‘ਰਿਆਸਤ ਫ਼ਰੀਦਕੋਟ’ ਵਿੱਚ ਵੱਡੇ ਦੰਦੇ (Greater Danda) ਦੀ ਧਾਰਨਾ ਅਤੇ ਭੂਗੋਲ ਨੂੰ ਸੌਖੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ, “ਫ਼ਰੀਦਕੋਟ ਰਿਆਸਤ ਅਧੀਨ ਆਉਂਦੀ ਜ਼ਮੀਨ ਦੋ ਕਿਸਮ ਦੀ ਸੀ-ਪੱਛਮੀ ਨੀਵੀਂ ਰੇਤਲੀ ਜ਼ਮੀਨ, ਜਿਹਨੂੰ ‘ਹਿਠਾੜ’ ਕਿਹਾ ਜਾਂਦਾ ਸੀ ਅਤੇ ਪੂਰਬੀ ਉੱਚੀ ਜ਼ਮੀਨ ਜਿਹਨੂੰ ‘ਉਤਾੜ’ ਕਿਹਾ ਜਾਂਦਾ ਸੀ। ਦੋਹਾਂ ਹਿੱਸਿਆਂ ਨੂੰ ਵੱਖ ਕਰਨ ਵਾਲੀ ਲਕੀਰ ਨੂੰ ‘ਦੰਦਾ’ ਕਹਿੰਦੇ ਸਨ ਜੋ ਸਤਲੁਜ ਦਰਿਆ ਦਾ ਪੁਰਾਣਾ ਕੰਢਾ ਸੀ। ਜਿਹੜਾ ਕਿਸੇ ਸਮੇਂ ਇੱਥੋਂ ਵਗਦਾ ਸੀ।”
ਦੰਦਾ ਨਾਮ ਕਿਵੇਂ ਪਿਆ?
ਇਹਦੇ ਬਾਬਤ ਕਈ ਵਿਚਾਰ ਮਸ਼ਹੂਰ ਹਨ। ਮੋਟੇ ਤੌਰ ਉੱਤੇ ਕਿਹਾ ਜਾ ਸਕਦਾ ਹੈ ਕਿ ਧਰਮਕੋਟ (ਜ਼ਿਲ੍ਹਾ ਮੋਗਾ) ਤੋਂ ਪਾਕਪਟਨ (ਹੁਣ ਲਹਿੰਦਾ ਪੰਜਾਬ, ਪਾਕਿਸਤਾਨ) ਦੇ ਵਿਚਕਾਰ ਮੌਜੂਦ ਸੁੱਕੇ ਵਹਿਣਾਂ ਅਤੇ ਦਰਿਆ ਦੇ ਪੁਰਾਣੇ ਵਹਿਣ ਰੂਪੀ ਢਾਹਿਆਂ ਨੂੰ ਦੰਦਾ ਜਾਂ ਦੰਦੀ ਕਿਹਾ ਜਾਂਦਾ ਸੀ। ਦੰਦਾ ਨਾਲਾ ਦੀਪਾਲਪੁਰ (ਲਹਿੰਦਾ ਪੰਜਾਬ, ਹੁਣ ਪਾਕਿਸਤਾਨ) ਦੇ ਦੱਖਣ ਵਿੱਚ ਸਤਲੁਜ ਵਿੱਚੋਂ ਵੱਖਰਾ ਹੁੰਦਾ ਸੀ ਅਤੇ ਅੱਗੇ ਜਾ ਕੇ ਮੁੜ ਸਤਲੁਜ ਵਿੱਚ ਲੀਨ ਹੋ ਜਾਂਦਾ ਸੀ।
ਐਫ਼ ਮੈਕੇਸਨ ਨੇ 1832-33 ਈਸਵੀ ਵਿੱਚ ਲੁਧਿਆਣੇ ਤੋਂ ਮਿੱਠਨਕੋਟ (ਹੁਣ ਲਹਿੰਦਾ ਪੰਜਾਬ, ਪਾਕਿਸਤਾਨ) ਤੱਕ ਕਿਸ਼ਤੀ ਰਾਹੀਂ ਸਤਲੁਜ ਦੀ ਯਾਤਰਾ ਕੀਤੀ ਸੀ। ਮੈਕੇਸਨ ਨੇ ਲਿਖਿਆ ਹੈ ਕਿ ਪਾਕਪਟਨ ਕੋਲ ਸਤਲੁਜ ਦੇ ਸੁੱਕੇ ਵਹਿਣ ਨੂੰ ਦੰਦੀ ਜਾਂ ਦੰਦਾ ਕਿਹਾ ਜਾਂਦਾ ਹੈ। ਕਨਿੰਘਮ (1871) ਇਸੇ ਦੰਦਾ ਨਾਲੇ ਨੂੰ ਆਪਣੀ ਕਿਤਾਬ ‘ਏਂਸੀਐਂਟ ਜਿਉਗਰਾਫ਼ੀ ਔਫ਼ ਇੰਡੀਆ’ ਵਿੱਚ ਸਤਲੁਜ ਦੇ ਪੁਰਾਣੇ ਵਹਿਣ ਵਜੋਂ ਪੇਸ਼ ਕਰਦਾ ਹੈ। ਆਈਨੇ-ਅਕਬਰੀ (1595) ਦਾ ਕਰਤਾ ਅਬੁਲ ਫ਼ਜ਼ਲ ਸਤਲੁਜ ਅਤੇ ਬਿਆਸ ਦੇ ਸਾਂਝੇ ਵਹਿਣ ਵਿੱਚੋਂ ਵੱਖਰੇ ਹੋਣ ਵਾਲੇ ਚਾਰ ਵਹਿਣਾਂ ਵਿੱਚ ਦੰਦੇ ਦਾ ਨਾਮ ਦਰਜ ਕਰਦਾ ਹੈ। ਜੇਰੇਟ (1891) ਮੁਤਾਬਿਕ ਦੰਦਾ ਸਤਲੁਜ ਦੇ ਕਈ ਮਸ਼ਹੂਰ ਨਾਵਾਂ ਵਿੱਚੋਂ ਇੱਕ ਸੀ ਅਤੇ ਸਤਲੁਜ-ਬਿਆਸ ਦੀ ਸਾਂਝੀ ਧਾਰਾ ਵਿੱਚੋਂ ਵੱਖਰਾ ਹੁੰਦਾ ਸੀ। ਪੁਰਾਣੀਆਂ ਲਿਖਤਾਂ ਦੇ ਅੰਗਰੇਜ਼ੀ ਤਰਜਮਿਆਂ ਵਿੱਚ ਕਿਤੇ ਕਿਤੇ ਦੰਦੇ ਨੂੰ ਦੇਨਾ ਲਿਖਿਆ ਮਿਲਦਾ ਹੈ। ਪੰਦਰਵੀਂ ਸਦੀ ਦੀ ਲਿਖਤ ‘ਤਾਰੀਖੇ-ਮੁਬਾਰਕਸ਼ਾਹੀ’ ਦੇ ਅੰਗਰੇਜ਼ੀ ਤਰਜਮੇ ਵਿੱਚ ਦੰਦੇ ਨੂੰ Dahinda ਲਿਖਿਆ ਹੈ।
ਬਸਤਾਨੀ ਨਕਸ਼ਿਆਂ (Colonial Maps) ਵਿੱਚ ਧਰਮਕੋਟ-ਫ਼ਿਰੋਜ਼ਪੁਰ-ਫ਼ਾਜ਼ਿਲਕਾ ਖਿੱਤੇ ਵਿੱਚ ਸਤਲੁਜ ਦੇ ਨੇੜੇ ਮੌਜੂਦ ਖ਼ੁਸ਼ਕ ਜਾਂ ਬਰਸਾਤੀ ਵਹਿਣਾਂ ਨੂੰ ਦੰਦੀ ਕਿਹਾ ਗਿਆ ਹੈ। ਇਹ ਉਹ ਵਹਿਣ ਸਨ ਜਿਹੜੇ ਬੇਸ਼ੱਕ ਕਿਸੇ ਸਮੇਂ ਸਤਲੁਜ ਵਿੱਚੋਂ ਨਿਕਲਦੇ ਸਨ ਪਰ ਹੁਣ ਇਨ੍ਹਾਂ ਵਹਿਣਾਂ ਦਾ ਮੁਹਾਣ ਦਰਿਆ ਦੇ ਕੰਢੇ ਤੋਂ ਬੰਦ ਹੋ ਚੁੱਕਿਆ ਹੁੰਦਾ ਸੀ। ਇਨ੍ਹਾਂ ਵਿੱਚ ਪਾਣੀ ਹੜ੍ਹਾਂ ਜਾਂ ਬਰਸਾਤਾਂ ਵੇਲੇ ਆਉਂਦਾ ਸੀ। ਇਸ ਖਿੱਤੇ ਦੀ ਮਸ਼ਹੂਰ ‘ਸੁੱਕੜ ਨੈਂ ਜਾਂ ਨਦੀ’ (ਤਿਹਾੜਾ-ਧਰਮਕੋਟ-ਫ਼ਿਰੋਜ਼ਪੁਰ-ਮੰਡੀ ਲਾਧੂਕਾ) ਨੂੰ 1870 ਦੇ ਨਕਸ਼ੇ ਵਿੱਚ ਦੰਦੀ ਸੁੱਕੜ, ਦੰਦੀ ਨਵੀਂ, ਦੰਦੀ ਪੁਰਾਣੀ ਅਤੇ ਦੰਦੀ ਨਦੀ ਵਗੈਰਾ ਨਾਮ ਦਿੱਤੇ ਗਏ ਹਨ। ਧਰਮਕੋਟ ਦੇ ਪੂਰਬ ਵਿੱਚ ਇੰਦਰਗੜ੍ਹ ਪਿੰਡ ਕੋਲ ਇਹਦਾ ਨਾਮ ‘ਦੰਦੀ ਨਦੀ’ (ਨਕਸ਼ੇ ਵਿੱਚ Dundee Nuddee ਲਿਖਿਆ ਹੈ।) ਵਜੋਂ ਦਰਜ ਹੈ। ਜਿਉਂ ਜਿਉਂ ਇਹ ਫ਼ਿਰੋਜ਼ਪੁਰ ਵੱਲ ਵਧਦੀ ਸੀ ਤਾਂ ਇਹਦੇ ਕਿਸੇ ਵਹਿਣ ਦਾ ਨਾਮ ਦੰਦੀ ਪੁਰਾਣੀ ((Dundee Pooranee) ਹੋ ਜਾਂਦਾ ਸੀ ਅਤੇ ਦੂਜੇ ਦਾ ਨਾਮ ਦੰਦੀ ਨਵੀਂ (Dundee Navee) ਹੋ ਜਾਂਦਾ ਸੀ। ਫ਼ਿਰੋਜ਼ਪੁਰ ਤੋਂ ਹੇਠਾਂ ਇਹਨੂੰ ਦੰਦੀ ਸੁੱਕੜ (Dundee Sukhar) ਦਾ ਨਾਮ ਮਿਲਦਾ ਸੀ।
ਦੰਦਾ ਨੂੰ ਕਈ ਖੋਜੀਆਂ ਨੇ ‘ਢੰਡ’ ਦੇ ਨਾਮ ਨਾਲ ਦਰਜ ਕੀਤਾ ਹੈ। ਪਾਕਟਪਨ ਨੇੜਲੇ ਦੰਦਾ ਵਹਿਣ ਨੂੰ ਜ਼ੇਮਜ਼ ਰੈਨਲ ਨੇ ਆਪਣੇ ਮਿਸਾਲੀ ਨਕਸ਼ੇ ‘ਮੈਪ ਔਫ਼ ਹਿੰਦੋਸਤਾਨ’ (1793) ਵਿੱਚ ‘ਢੰਡ’ ਕਿਹਾ ਸੀ। ਸੀਐਫ਼ ਉਲਡੈਹਮ ਆਪਣੀ ਲਿਖਤ (1874) ਵਿੱਚ ਦੰਦਾ ਦਰਿਆ ਨੂੰ Dhund-i-Dariya ਲਿਖਦਾ ਹੈ। ਉਹ Dhund ਸ਼ਬਦ ਦੀ ਜੋ ਧਾਰਨਾ ਪੇਸ਼ ਕਰਦਾ ਹੈ, ਉਹਦੇ ਤੋਂ ਪਤਾ ਲੱਗਦਾ ਹੈ ਕਿ ਉਹ Dhund ਨੂੰ ‘ਢੰਡ (The Dead Rivulet)’ ਦੇ ਰੂਪ ਵਿੱਚ ਪੜ੍ਹ ਰਿਹਾ ਹੈ। ਉਹਦਾ ਮੰਨਣਾ ਹੈ ਕਿ ਢੰਡ ਦਾ ਮਤਲਬ ਉਸ ਧਾਰਾ ਜਾਂ ਖਿੱਤੇ ਤੋਂ ਹੈ ਜਿਹਦੇ ਵਿੱਚ ਪਾਣੀ ਬੇਸ਼ੱਕ ਮੌਜੂਦ ਹੈ ਪਰ ਦਰਿਆ ਦਾ ਮੁੱਖ ਵਹਿਣ ਇਹਨੂੰ ਛੱਡ ਚੁੱਕਿਆ ਹੈ। ਢੰਡ ਦਾ ਹੋਰ ਅਰਥ ਟੋਬਾ, ਢੰਨ, ਛੱਪੜ ਅਤੇ ਛੰਬ ਹੁੰਦਾ ਹੈ। ਇਹ ਤੋਂ ਬਿਨ੍ਹਾਂ ਨਦੀ ਦਾ ਵਹਿੰਦਾ ਪਾਣੀ ਸੁੱਕ ਜਾਣ ਤੋਂ ਬਾਅਦ ਨਦੀ ਦੇ ਤਲੇ ਵਿੱਚ ਪਾਣੀ ਦੇ ਭਰੇ ਟੋਏ ਨੂੰ ਵੀ ਢੰਡ ਕਿਹਾ ਜਾਂਦਾ ਹੈ। ਢੰਡ ਬਾਬਤ ਸ਼ਾਹ ਹੁਸੈਨ ਹੋਰ ਸਾਫ਼ ਕਰ ਦਿੰਦਾ ਹੈ,
“ਢੰਡ ਪੁਰਾਣੀ ਕੁੱਤਿਆਂ ਲੱਕੀ,
ਅਸੀਂ ਸਰਵਰ ਮਾਹਿ ਧੋਤਿਆ ਸੇ,
ਕਹੈ ਹੁਸੈਨ ਫ਼ਕੀਰ ਸਾਈਂ ਦਾ
ਅਸੀਂ ਟੱਪਣ ਟੱਪ ਨਿਕਲਿਆ ਸੇ।
ਗੁਰੂ ਹਰਸਹਾਇ (ਜ਼ਿਲ੍ਹਾ ਫ਼ਿਰੋਜ਼ਪੁਰ) ਅਤੇ ਜਲਾਲਾਬਾਦ (ਜ਼ਿਲ੍ਹਾ ਫ਼ਾਜ਼ਿਲਕਾ) ਦੇ ਨੇੜੇ ਸੁੱਕੜ ਨਦੀ (ਦੰਦੀ ਸੁੱਕੜ) ਦੇ ਕੰਢੇ ਉੱਤੇ ਅਹਿਮਦ ਢੰਡੀ, ਗੁੱਦੜ ਢੰਡੀ, ਢੰਡੀ ਕਦੀਮ ਅਤੇ ਢੰਡੀ ਖੁਰਦ ਨਾਮ ਦੇ ਪਿੰਡ ਮੌਜੂਦ ਹਨ।ਇਹਦੇ ਬਾਬਤ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਇਨ੍ਹਾਂ ਪਿੰਡਾਂ ਦੇ ਨਾਮ ‘ਦੰਦੀ’ ਦੇ ਵਿਗੜੇ ਨਾਮ ‘ਢੰਡੀ’ ਕਰਕੇ ਪਏ ਹਨ ਜਾਂ ਇਨ੍ਹਾਂ ਪਿੰਡਾਂ ਦੇ ਦੁਆਲੇ ਟੋਬਿਆਂ ਜਾਂ ਛੰਬਾਂ (ਢੰਡਾਂ, ਢੰਨਾਂ ਜਾਂ ਢੰਨੀਆਂ) ਦੀ ਮੌਜੂਦਗੀ ਨੇ ਨਾਮ ਦਿੱਤੇ ਹੋਣਗੇ?
ਦਰਿਆਇ-ਦੰਦਾ (Greater Danda)
ਅਸੀਂ ਜਿਨ੍ਹਾਂ ਦੋ ਉੱਭਰੀਆਂ ਧਰਤੀਆਂ ਜਾਂ ਦੰਦਿਆਂ ਦੀ ਗੱਲ ਕਰਨੀ ਹੈ। ਉਹਦੇ ਵਿੱਚ ਸਭ ਤੋਂ ਉੱਚੀ, ਲੰਬੀ ਅਤੇ ਚੌੜੀ ਧਰਤੀ ਨੂੰ ਦੰਦਾ ਜਾਂ ਦਰਿਆਇ-ਦੰਦਾ ਜਾਂ ਉੱਪਰਲਾ ਦੰਦਾ ਜਾਂ ਵੱਡਾ ਦੰਦਾ (Greater Danda) ਸੱਦਿਆ ਗਿਆ ਹੈ। ਬਸਤਾਨੀ (Colonial) ਲਿਖਤਾਂ ਵਿੱਚ ਸਭ ਤੋਂ ਪਹਿਲਾਂ ਇਸ ਦੰਦੇ ਨੂੰ ਉੱਚੀ ਰੇਤਲੀ ਪੱਟੀ ਅਤੇ ਸਤਲੁਜ ਦੇ ਪੁਰਾਣੇ ਵਹਿਣ ਵਜੋਂ ਦਰਜ ਕਰਨ ਦਾ ਕੰਮ ਸੀ. ਜੇ. ਹਡਗਸਨ ਦੇ ਹਿੱਸੇ ਆਇਆ ਸੀ। 1847 ਵਿੱਚ ਹਡਗਸਨ ਪਿੰਡ ਤਿਹਾੜਾ (ਜ਼ਿਲ੍ਹਾ ਲੁਧਿਆਣਾ) ਕੋਲੋਂ ਸਤਲੁਜ ਵਿੱਚੋਂ ਨਹਿਰ ਕੱਢਣ ਲਈ ਸਰਵੇਖਣ ਕਰ ਰਿਹਾ ਸੀ। ਅੰਗਰੇਜ਼ਾਂ ਦੀ ਜੁਗਤ ਤਿਹਾੜਾ ਨੇੜਿਉਂ ਸੁੱਕੜ ਨਦੀ ਦੇ ਮੁਹਾਣ ਤੋਂ ਨਹਿਰ ਕੱਢਣ ਦੀ ਸੀ। ਹਡਗਸਨ ਨੇ ਅੰਦਾਜ਼ਾ ਲਾਇਆ ਕਿ ਰੋਪੜ ਤੋਂ ਸ਼ੁਰੂ ਹੋ ਕੇ ਸਤਲੁਜ ਦਰਿਆ ਦੇ ਨਾਲ ਨਾਲ ਚੱਲੇ ਆ ਰਹੇ ਢਾਹੇ (ਉੱਚੀ ਧਰਤੀ) ਦਾ ਅੰਤ ਤਿਹਾੜਾ-ਭੂੰਦੜੀ (ਜ਼ਿਲ੍ਹਾ ਲੁਧਿਆਣਾ) ਕੋਲ ਹੋ ਜਾਣਾ ਚਾਹੀਦਾ ਹੈ ਕਿਉਂਕਿ ਇੱਥੋਂ ਦਰਿਆ ਅਚਾਨਕ ਉੱਤਰ ਵੱਲ ਵਧਣਾ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਢਾਹੇ ਦੀ ਦਿਸ਼ਾ ਵੀ ਉੱਤਰ ਵੱਲ ਹੋ ਜਾਣੀ ਚਾਹੀਦੀ ਸੀ। ਹਡਗਸਨ ਨੇ ਅਜੀਬ ਨਜ਼ਾਰਾ ਦੇਖਿਆ ਕਿ ਤਿਹਾੜੇ ਤੋਂ ਉੱਚੇ ਟਿੱਬਿਆਂ ਦੀ ਪੱਟੀ ਦੱਖਣ-ਪੱਛਮ ਵੱਲ ਨੂੰ ਵਧਣ ਲੱਗੀ। ਦੂਜੀ ਉੱਘੜਵੀ ਗੱਲ ਸੀ ਕਿ ਧਰਮਕੋਟ ਜਾਂ ਸਤਲੁਜ ਦੇ ਤਕਰੀਬਨ ਵੀਹ ਕਿਲੋਮੀਟਰ ਦੱਖਣ ਵਿੱਚ ਅਚਾਨਕ ਧਰਤੀ ਤੀਹ ਫੁੱਟ ਤੱਕ ਨੀਵੀਂ ਹੁੰਦੀ ਜਾਂਦੀ ਸੀ। ਧਰਮਕੋਟ ਕੋਲ ਸਮੁੰਦਰ ਤਲ ਤੋਂ ਧਰਤੀ ਦੀ ਉਚਾਈ 727 ਫੁੱਟ ਸੀ ਪਰ ਮੋਗੇ ਦੇ ਨੇੜੇ ਆ ਕੇ 700 ਫੁੱਟ ਰਹਿ ਜਾਂਦੀ ਸੀ।
ਹਡਗਸਨ ਨੇ ਦੇਖਿਆ ਕਿ ਤਿਹਾੜੇ ਤੋਂ ਸ਼ੁਰੂ ਹੋਈ ਉੱਚੀ ਰੇਤਲੀ ਪੱਟੀ ਧਰਮਕੋਟ-ਸਲੀਣਾ-ਡਗਰੂ-ਝੰਡੇਆਣਾ-ਜੰਡਵਾਲਾ (ਨੇੜੇ ਮੁੱਦਕੀ)-ਪੱਕਾ-ਮਿਸ਼ਰੀਵਾਲਾ-ਫ਼ਰੀਦਕੋਟ-ਵੱਟੂ-ਦੋੜਾਂਵਾਲੀ-ਚੜੇਵਾਨ-ਬੂੜਾ ਗੁੱਜਰ-ਕੋਟਲੀ ਦੇਵਨ (ਨੇੜੇ ਮੁਕਤਸਰ)-ਮੌੜ-ਰਾਮਗੜ੍ਹ-ਚੱਕ ਮਦਰੱਸਾ-ਰੱਤਾ ਖੇੜਾ ਹੁੰਦੀ ਹੋਈ ਨੌਖੇੜੀਆ ਵੱਲ ਜਾ ਰਹੀ ਸੀ। ਇਹ ਅਬੋਹਰ ਅਤੇ ਫ਼ਾਜ਼ਿਲਕਾ ਦੇ ਕੇਂਦਰ ਵਿੱਚੋਂ ਹੁੰਦੀ ਹੋਈ ਸਤਲੁਜ ਦੇ ਖੱਬੇ ਕੰਢੇ ਹੇਠ ਪਾਕਪਟਨ ਦੇ ਤੇਈ ਮੀਲ ਦੱਖਣ ਵਿੱਚ ਅਤੇ ਬਹਾਵਲਪੁਰ (ਹੁਣ ਲਹਿੰਦਾ ਪੰਜਾਬ, ਪਾਕਿਸਤਾਨ) ਦੇ ਦੱਖਣ-ਪੂਰਬ ਤੋਂ ਤੇਰਾਂ ਮੀਲ ਦੱਖਣ ਤੋਂ ਲੰਘਦੀ ਹੋਈ ਡੇਰਾਵੜ (ਹੁਣ ਲਹਿੰਦਾ ਪੰਜਾਬ, ਪਾਕਿਸਤਾਨ) ਤੱਕ ਸੀ।
ਇਹ ਰੇਤਲੀ ਲੜੀ ਬਿਲਕੁਲ ਵੱਖਰੇ ਕਿਸਮ ਦਾ ਨਜ਼ਾਰਾ (Landscape) ਸਿਰਜਦੀ ਸੀ। ਇਸ ਵਹਿਣ ਜਾਂ ਖਿੱਤੇ ਦੇ ਖਾਸ ਮੁਹਾਂਦਰੇ ਕਰਕੇ ਇਸ ਰੇਤਲੀ ਪੱਟੀ ਨੂੰ ਮੁਕਾਮੀ (Local) ਲੋਕ ‘ਦੰਦਾ’ ਕਹਿੰਦੇ ਸਨ। ਜਿਹਨੂੰ ਅੰਗਰੇਜ਼ਾਂ ਨੇ ਆਪਣੀਆਂ ਲਿਖਤਾਂ ਵਿੱਚ ‘ਦਰਿਆਇ-ਦੰਦਾ’ ਦੇ ਨਾਮ ਨਾਲ ਦਰਜ ਕੀਤਾ। ਤਕਰੀਬਨ ਪੱਚੀ ਕਿਲੋਮੀਟਰ ਚੌੜੀ ਅਤੇ ਪੰਜ ਸੌ ਕਿਲੋਮੀਟਰ ਲੰਬੀ ਪੱਟੀ ਪਹਾੜਾਂ ਦੀ ਲੜੀ ਵਰਗੀ ਸੀ। ਲੜੀ ਦੇ ਸਿਖ਼ਰ ਤੋਂ ਹੇਠਾਂ ਵੱਲ ਜ਼ਮੀਨ ਨੀਵੀਂ, ਹੋਰ ਨੀਵੀਂ ਹੁੰਦੀ ਜਾਂਦੀ ਸੀ। ਟਿੱਬਿਆਂ ਤੋਂ ਲੰਬਾ ਤੁਰ ਕੇ ਹੇਠਾਂ ਵੱਲ ਆਉਂਦੇ ਹੋਏ ਛੋਟੇ ਨਾਲੇ ਆਉਂਦੇ ਸਨ। ਜਿਨ੍ਹਾਂ ਵਿੱਚ ਪਾਣੀ ਤੋਂ ਬਿਨ੍ਹਾਂ ਦੱਬ, ਕਾਹੀ ਅਤੇ ਸਰਕੜੇ ਦਾ ਜੰਗਲ ਹੁੰਦਾ ਸੀ। ਫਿਰ ਰੇਤਲਾ ਮੈਦਾਨ ਸ਼ੁਰੂ ਹੁੰਦਾ ਸੀ ਅਤੇ ਅੱਗੇ ਨੀਵੀਂ ਥਾਂ ਪਿੰਡ ਵਸੇ ਹੁੰਦੇ ਸਨ।
ਇਸ ਖਿੱਤੇ ਦੇ ਨਾਮ ਅਤੇ ਦਿੱਖ ਦੀ ਗਵਾਹੀ ਨਾਟਕਕਾਰ ਅਤੇ ਫ਼ਿਲਮ ਅਦਾਕਾਰ ਸੈਮੂਅਲ ਜੌਨ੍ਹ ਨੇ ਭਰੀ ਹੈ। ਉਹਦੇ ਚੇਤੇ ਵਿੱਚ ਦੰਦੇ ਦਾ ਨਾਮ ਅਤੇ ਖਿੱਤਾ ਤਾਜ਼ਾ ਹਨ। ਸੈਮੂਅਲ ਦਾ ਨਾਨਕਾ ਪਿੰਡ ਮੋਰਾਂਵਾਲੀ (ਜ਼ਿਲ੍ਹਾ ਫ਼ਰੀਦਕੋਟ) ਹੈ। ਮੋਰਾਂਵਾਲੀ ਦੰਦੇ ਦੇ ਖਿੱਤੇ ਦੀ ਨੀਵੀਂ ਧਰਤੀ ਵਿੱਚ ਪੈਂਦਾ ਹੈ। ਸੈਮੂਅਲ ਨੇ ਪੰਜਵੀਂ ਅਤੇ ਛੇਵੀਂ ਜਮਾਤ ਮੋਰਾਂਵਾਲੀ ਦੇ ਗੁਆਂਢੀ ਪਿੰਡ ਮਿਸ਼ਰੀਵਾਲਾ ਦੇ ਸਕੂਲ ਤੋਂ ਪਾਸ ਕੀਤੀਆਂ ਸਨ। ਉਹ ਮਿਸ਼ਰੀਵਾਲਾ ਨੇੜਲੇ ਦੰਦਾ ਨਾਲੇ ਦੇ ਕੰਢੇ ਦੱਬ ਅਤੇ ਸਰਕੜੇ ਦੇ ਨਜ਼ਾਰੇ ਨੂੰ ਯਾਦ ਕਰਦਾ ਹੈ। ਸੈਮੂਅਲ ਦਾ ਕਿਆਸ ਹੈ ਕਿ ਇਸ ਖਿੱਤੇ ਦੀ ਜ਼ਮੀਨ ਦਾਤੀ ਦੇ ਦੰਦੇ ਵਾਂਗ ਉੱਚੀ ਥਾਂ ਤੋਂ ਨੀਵੀਂ ਥਾਂ ਵੱਲ ਜਾਂਦੀ ਸੀ। ਇਸ ਕਰਕੇ ਇਹਦਾ ਨਾਮ ਦੰਦਾ ਪਿਆ ਹੋਵੇਗਾ। ਉਹਨੇ ਦੱਸਿਆ ਕਿ ਟਹਿਣਾ ਪਿੰਡ (ਜ਼ਿਲ੍ਹਾ ਫ਼ਰੀਦਕੋਟ) ਦੰਦੇ ਦੇ ਸਿਖ਼ਰ ਉੱਤੇ ਸੀ ਅਤੇ ਦੰਦੇ ਦੀ ਚੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਪਾਣੀ ਪੀ ਕੇ ਦਮ ਲੈ ਲਿਆ ਜਾਂਦਾ ਸੀ ਕਿਉਂਕਿ ਦੰਦੇ ਦੀ ਚੜ੍ਹਾਈ ਰਾਹੀਆਂ ਨੂੰ ਬੁਰੀ ਤਰ੍ਹਾਂ ਥਕਾ ਦਿੰਦੀ ਸੀ।
ਨਵੇਂ ਟਹਿਣਾ ਪਿੰਡ ਦੀ ਗਊਸ਼ਾਲਾ ਬਸਤੀ ਕੋਲ ਖੜ ਕੇ ਜੌੜੀਆਂ ਨਹਿਰਾਂ ਵੱਲ ਦੇਖੋ ਤਾਂ ਤੁਸੀਂ ਦੰਦੇ ਦੀ ਨੀਵਾਣ ਦਾ ਨਜ਼ਾਰਾ ਅੱਜ ਵੀ ਲੈ ਸਕਦੇ ਹੋ। ਦੰਦੇ ਦੀ ਨੀਵਾਣ ਵਿੱਚ ਵਸੇ ਪਿੰਡ ਹਮੇਸ਼ਾਂ ਹੜ੍ਹਾਂ ਦੀ ਮਾਰ ਹੇਠ ਰਹੇ ਹਨ। ਫ਼ਰੀਦਕੋਟ ਦੰਦੇ ਦੀ ਨੀਵਾਣ ਵਿੱਚ ਵਸਿਆ ਸ਼ਹਿਰ ਹੈ। ਮੁਕਾਮੀ (Local) ਲੋਕਾਂ ਦਾ ਮੰਨਣਾ ਹੈ ਕਿ ਦੰਦੇ ਦੇ ਪੈਰਾਂ ਵਿੱਚ ਪੈਂਦੀ ਇਸ ਨੀਵਾਣ ਰਾਹੀਂ ਕਦੇ ਸਤਲੁਜ ਵਗਦਾ ਸੀ। ਨਵੇਂ ਟਹਿਣੇ ਦੀ ਗਊਸ਼ਾਲਾ ਬਸਤੀ ਨੇੜੇ ਕੰਮ ਕਰਦੇ ਕਿਸਾਨ ਨੇ ਦੱਸਿਆ ਕਿ ਦੰਦੇ ਦਾ ਨਾਮ ਇਸ ਕਰਕੇ ਪਿਆ ਕਿਉਂਕਿ ਨੀਵੀਂ ਵਾਦੀ ਵਿੱਚ ਚੜ੍ਹਿਆ ਪਾਣੀ, ਦੰਦੇ ਦੀ ਉੱਚੀ ਧਰਤੀ ਦੇ ਪੈਰਾਂ ਵਿੱਚ ਦੰਦੇ (ਵਾਢ ਜਾਂ ਘਾਰ) ਪਾਉਂਦਾ ਸੀ। ਗਊਸ਼ਾਲਾ ਦੇ ਕੋਲ ਪੱਕਾ ਨਾਮ ਦਾ ਪਿੰਡ ਦੰਦੇ ਦੀ ਨੀਵਾਣ ਵਿੱਚ ਪੈਂਦਾ ਹੈ। ਪਿੰਡ ਦੇ ਕਿਸਾਨ ਠਾਣਾ ਸਿੰਘ ਨੇ ਦੱਸਿਆ ਕਿ ਪੱਕਾ ਪਿੰਡ ਲਗਾਤਾਰ ਹੜ੍ਹਾਂ ਦੀ ਮਾਰ ਹੇਠਲੀ ਧਰਤੀ ਵਿੱਚ ਹੋਣ ਕਰਕੇ ਪਿੰਡ ਦੇ ਲੋਕ ਟਹਿਣੇ ਵੱਲ ਦੰਦੇ ਦੀ ਸਿਖ਼ਰ ਉੱਤੇ ਜਾ ਵਸਦੇ ਸਨ। ਇਸ ਮੁਸੀਬਤ ਨੇ ਪੱਕੇ ਪਿੰਡ ਦੇ ਲੋਕਾਂ ਨੂੰ ਸਮੇਂ ਸਮੇਂ ਹਿਜਰਤ ਕਰਨ ਲਈ ਮਜਬੂਰ ਕੀਤਾ ਅਤੇ ਇੱਕ ਨਾਮ ਦੇ ਚਾਰ ਪਿੰਡ ਬਣਾ ਦਿੱਤੇ।
ਇਸੇ ਤਰ੍ਹਾਂ ਮੋਰਾਂਵਾਲੀ ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ 1960 ਵਿੱਚ ਆਏ ਵੱਡੇ ਹੜ੍ਹਾਂ ਤੋਂ ਬਚਣ ਲਈ ਪਿੰਡ ਵਾਸੀਆਂ ਨੇ ਦੰਦੇ ਉੱਤੇ ਵਸੇ ਪਿੰਡ ਟਹਿਣੇ ਵਿੱਚ ਪਨਾਹ ਲਈ ਸੀ। ਜਦੋਂ ਹੜ੍ਹਾਂ ਦਾ ਖਤਰਾ ਵਧਦਾ ਸੀ ਤਾਂ ਮੋਰਾਂਵਾਲੀ ਦੇ ਲੋਕ ਦੰਦੇ ਦੀ ਸਿਖ਼ਰ ਉੱਤੇ ਜਾ ਬੈਠਦੇ ਸਨ।ਦੰਦੇ ਦੇ ਸਿਖ਼ਰ ਉੱਤੇ ਵਸੇ ਪਿੰਡਾਂ ਵਿੱਚ ਫ਼ਸਲਾਂ, ਨੀਵਾਣ ਵਾਲੇ ਪਿੰਡ ਤੋਂ ਭਰਵੀਆਂ ਹੁੰਦੀਆਂ ਸਨ। ਦੰਦੇ ਦੇ ਪੈਰਾਂ ਵਿੱਚ ਵਸੇ ਪਿੰਡਾਂ ਵਿੱਚ ਪਾਣੀ ਦਾ ਪੱਧਰ ਦੰਦੇ ਦੀ ਸਿਖ਼ਰ ਉੱਤੇ ਵਸੇ ਪਿੰਡਾਂ ਤੋਂ ਉੱਚਾ ਰਹਿੰਦਾ ਹੈ ਪਰ ਸਿਖ਼ਰ ਵਾਲੇ ਪਿੰਡਾਂ ਦਾ ਪਾਣੀ ਮਿੱਠਾ ਹੁੰਦਾ ਸੀ। ਨੀਵਾਣ ਵਾਲੇ ਪਿੰਡਾਂ ਦਾ ਪਾਣੀ ਸ਼ੋਰੇ ਵਾਲਾ ਹੈ।
ਹੜ੍ਹਾਂ ਦੀ ਮਾਰ, ਖਾਰੇ ਪਾਣੀ ਅਤੇ ਘੱਟ ਫ਼ਸਲਾਂ ਹੋਣ ਕਾਰਨ ਦੰਦੇ ਦੀ ਨੀਵਾਣ ਵਾਲੇ ਪਿੰਡਾਂ ਵਿੱਚ ਰਿਸ਼ਤੇ ਨਹੀਂ ਹੁੰਦੇ ਸਨ। ਮਸ਼ਹੂਰ ਹੈ ਕਿ ਰਿਸ਼ਤਾ ਕਰਨ ਆਏ ਲੋਕ ਟਹਿਣੇ ਤੋਂ ਪਿੱਛੇ ਮੁੜ ਜਾਂਦੇ ਸਨ। ਆਵਾਜਾਈ ਦੇ ਵਸੀਲੇ ਨਾਮਨਿਹਾਦ ਹੋਣ ਕਰਕੇ ਵੱਖਰੇ ਵੱਖਰੇ ਖਿੱਤੇ ਇੱਕ ਦੂਜੇ ਤੋਂ ਕੱਟੇ ਰਹਿੰਦੇ ਸਨ। ਜੋ ਵੰਨ-ਸੁਵੰਨੇ ਸੱਭਿਆਚਾਰਾਂ, ਬੋਲੀਆਂ ਅਤੇ ਭੂਗੋਲਕ ਖਿੱਤਿਆਂ ਨੂੰ ਜਨਮ ਦਿੰਦੇ ਸਨ ਜਾਂ ਜਿਉਂ ਦਾ ਤਿਉਂ ਬਣਾਈ ਰੱਖਦੇ ਸਨ। ਅੰਗਰੇਜ਼ਾਂ ਨੇ ਤਾਂ ਹਰ ਉੱਪ-ਖਿੱਤੇ ਨੂੰ ਮੁਲਕ ਦਾ ਨਾਮ ਦਿੱਤਾ ਸੀ ਜਿਵੇਂ ਢਾਹਾ ਮੁਲਕ, ਜੰਗਲ ਮੁਲਕ, ਬੇਟ ਮੁਲਕ, ਤਿਹਾੜਾ ਮੁਲਕ, ਨੈਂ ਦਾ ਮੁਲਕ ਅਤੇ ਬੀਤ ਮੁਲਕ ਵਗੈਰਾ। ਇਨ੍ਹਾਂ ਖ਼ਾਸ ਖਿੱਤਿਆਂ ਦੇ ਸਮਾਜਿਕ ਅਤੇ ਵਿੱਤੀ ਹਾਲਾਤ ਇੱਕ ਦੂਜੇ ਤੋਂ ਵੱਖਰੇ ਰਹਿੰਦੇ ਸਨ। ਇਤਿਹਾਸਕਾਰ ਚੇਤਨ ਸਿੰਘ ਦਾ ਮੰਨਣਾ ਹੈ ਕਿ ਪੁਰਾਣੇ ਸਮਿਆਂ ਵਿੱਚ ਬਿਹਤਰ ਅਤੇ ਅਜੋਕੀਆਂ ਸਿੰਜਾਈ-ਸਹੂਲਤਾਂ ਨਾ ਹੋਣ ਕਰਕੇ ਇਹ ਉੱਪ-ਖਿੱਤੇ ਹੋਰ ਉੱਘੜਵੇਂ ਸਨ। ਮੋਟੇ ਤੌਰ ਉੱਤੇ ਬੇਸ਼ੱਕ ਪੰਜਾਬ ਇਕਾਈ ਦੇ ਰੂਪ ਵਿੱਚ ਵਿਸ਼ਾਲ ਮੈਦਾਨ ਹੈ ਪਰ ਇਹਦੇ ਵੱਖਰੇ ਵੱਖਰੇ ਉੱਪ-ਖਿੱਤੇ ਸਨ। ਇਨ੍ਹਾਂ ਖਿੱਤਿਆਂ ਦੀ ਸਮਾਜਿਕ-ਵਿੱਤੀ ਹਾਲਤ ਬੇਹੱਦ ਵੰਨ-ਸੁਵੰਨੀ ਸੀ।
ਮੋਰਾਂਵਾਲੀ ਦੇ ਬਜ਼ੁਰਗ ਮੁਤਾਬਿਕ ਟਹਿਣੇ ਤੋਂ ਕੋਟ-ਕਪੂਰੇ ਅਤੇ ਬਾਘਾ ਪੁਰਾਣੇ ਵੱਲ ਨੂੰ ਜ਼ਮੀਨ ਉੱਚੀ ਹੀ ਰਹਿੰਦੀ ਸੀ। ਦੰਦੇ ਦੇ ਪੂਰਬ ਵਿੱਚ ਮੌਜੂਦ ਇਸ ਉੱਚੀ ਧਰਤੀ ਨੂੰ ਕੋਟ-ਕਪੂਰਾ ਪਠਾਰ (Kot-kapura Plateau) ਕਹਿੰਦੇ ਸਨ।ਜਿਹਦਾ ਜ਼ਿਕਰ ਪਹਿਲਾਂ ਹੋ ਚੁੱਕਿਆ ਹੈ।
ਮਨਜੀਤ ਪੁਰੀ (ਭਾਸ਼ਾ ਅਫ਼ਸਰ, ਫ਼ਰੀਦਕੋਟ) ਦਾ ਦੰਦੇ ਬਾਬਤ ਲੰਬਾ ਪਰ ਦਿਲਚਸਪ ਬਿਆਨੀਆ ਹੈ, “ਮੇਰਾ ਪਿੰਡ ਪੱਖੀ ਕਲਾਂ, ਜ਼ਿਲ੍ਹਾ ਫ਼ਰੀਦਕੋਟ ਦੇ ਪਹਾੜ ਵਾਲੇ ਪਾਸੇ ਅਤੇ ਜੌੜੀਆਂ ਨਹਿਰਾਂ ਦੇ ਲਹਿੰਦੇ ਪਾਸੇ ਹੈ। ਨਹਿਰਾਂ ਲੰਘ ਕੇ ਦੂਜੇ ਪਾਸੇ ਮੋਰਾਂਵਾਲੀ ਪਿੰਡ ਮੇਰੀ ਭੂਆ ਵਿਆਹੀ ਹੈ। ਬਚਪਨ ਵਿੱਚ ਵਾਰ-ਵਾਰ ਮੋਰਾਂਵਾਲੀ ਜਾਣਾ ਮੈਨੂੰ ਚੰਗਾ ਲੱਗਦਾ ਸੀ। ਪਹਿਲਾ ਕਾਰਨ, ਨਹਿਰਾਂ ਲੰਘਣ ਦਾ ਰੁਮਾਂਚ ਸੀ। ਦੂਜਾ ਕਾਰਨ, ਪਿੰਡ ਕਲੇਰ ਵਾਲੇ ਪਾਸਿਉਂ ਮੋਰਾਂਵਾਲੀ ਨੂੰ ਜਾਂਦਿਆਂ ਦੋਹਾਂ ਪਿੰਡਾਂ ਦੇ ਵਿਚਕਾਰ ਜਿਹੇ ਜਾ ਕੇ ਰਸਤਾ ਯਕਦਮ 10-15 ਫੁੱਟ ਥੱਲੇ ਉੱਤਰ ਜਾਂਦਾ ਸੀ। ਨੀਵੇਂ ਪਾਸੇ ਖੜੇ ਹੋ ਕੇ ਦੇਖਦਾ ਤਾਂ ਇਉਂ ਲਗਦਾ ਜਿਵੇਂ ਸਾਹਮਣੇ ਕੋਈ ਪਹਾੜੀ ਇਲਾਕਾ ਹੋਵੇ ਅਤੇ ਮੈਂ ਕਿਸੇ ਖੱਡ ਵਿੱਚ ਖੜਾ ਹੋਵਾਂ। ਨੀਵੇਂ ਖੇਤਾਂ ਦੇ ਸਾਹਮਣੇ ਉੱਚੇ ਖੇਤਾਂ ਦੇ ਦਰਮਿਆਨ ਇਸ ਤਰ੍ਹਾਂ ਦੇ ਨਿਸ਼ਾਨ ਸਨ ਜਿਵੇਂ ਕਿਸੇ ਵੇਲੇ ਇੱਥੋਂ ਪਾਣੀ ਵਗਿਆ ਹੋਵੇ। ਪਾਣੀਆਂ ਦੀ ਖਾਰ ਨਾਲ ਖੁਰੀ ਮਿੱਟੀ ਦੇ ਨਿਸ਼ਾਨ ਸਪੱਸ਼ਟ ਦਿਖਦੇ ਸਨ।” ਮਨਜੀਤ ਨੂੰ ਆਪਣੇ ਦਾਦੇ ਦੇ ਸ਼ਬਦ ਯਾਦ ਹਨ, “ਇਹ ਮਿੱਟੀ ਦੇ ਖੁਰਨ ਦੇ ਨਿਸ਼ਾਨ ਹਨ …ਪਾਣੀ ਦੀਆਂ ਲਾਗਾਂ ਵੀ ਕਹਿ ਸਕਦੇ ਹਾਂ …ਕਿਸੇ ਵੇਲੇ ਇੱਥੇ ਸਤਲੁਜ ਵਗਦਾ ਸੀ …ਆਪਣੇ ਪਿੰਡ ਦਰਿਆ ਦੇ ਵਹਿਣ ਵਿੱਚ ਹਨ …ਦਰਿਆ ਹੁਣ ਪਿਛਾਂਹ ਹੱਟ ਗਿਆ ਹੈ …।” ਦਾਦੇ ਦੇ ਸ਼ਬਦਾਂ ਵਿੱਚ, ਇਸ ਥਾਂ ਦਰਿਆਵਾਂ ਦਾ ਦੰਦਾ ਸੀ। ਮੁੱਦਕੀ-ਫ਼ਰੀਦਕੋਟ ਜਰਨੈਲੀ ਸੜਕ ਉੱਤੇ ਖੜ੍ਹੇ ਹੋ ਕੇ ਤੁਸੀਂ ਮੁੱਦਕੀ ਤੋਂ ਦੋ ਕਿਲੋਮੀਟਰ ਦੱਖਣ-ਪੱਛਮ ਵਿੱਚ ਦੰਦਾ ਦੇ ਵਹਿਣ ਦਾ ਪੁਰਾਣਾ ਤਲਾ (Old Bed) ਉੱਘੜਵੇਂ ਰੂਪ ਵਿੱਚ ਦੇਖ ਸਕਦੇ ਹੋ। ਚੰਦੜ ਪਿੰਡ ਦੇ ਪੱਛਮ ਵਿੱਚ ਡਗਰੂ ਵਾਲਾ ਨਾਲਾ ਇਸ ਤਲੇ ਦੇ ਐਨ੍ਹ ਕੇਂਦਰ ਵਿੱਚ ਹੈ। ਇਹ ਤਲਾ ‘ਖੋਸਾ ਪੰਜਾਬੀ ਢਾਬੇ’ ਅਤੇ ‘ਆਸ਼ੂ ਢਾਬੇ’ ਦੇ ਵਿਚਕਾਰ ਮੌਜੂਦ ਹੈ।

ਵੱਡੇ ਦੰਦੇ (Greater Danda) ਦੀ ਲੰਬੀ ਲੜੀ ਨੂੰ ਦੇਖਣ ਲਈ ਤੁਸੀਂ ਪਹਿਲਾ ਨਕਸ਼ਾ (ਨਕਸ਼ਾ ਨੰਬਰ ਇੱਕ) ਦੇਖ ਸਕਦੇ ਹੋ। ਇਹ ਨਕਸ਼ਾ ਸੰਨ 1884-89 ਦੀ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਬੰਦੋਬਸਤ ਰਪਟ ਵਿੱਚੋਂ ਲਿਆ ਗਿਆ ਹੈ। ਜਿਹਦੇ ਵਿੱਚ ਦੰਦੇ ਦੀ ਲੜੀ ਨੂੰ ਪਿੰਡ ਬੜੀ ਕੋਕਰੀ (ਹੁਣ ਜ਼ਿਲ੍ਹਾ ਮੋਗਾ) ਦੇ ਉਪਰੋਂ ਸ਼ੁਰੂ ਕਰਕੇ ਫ਼ਰੀਦਕੋਟ ਤੱਕ ਉਘਾੜ ਕੇ ਪੇਸ਼ ਕੀਤਾ ਗਿਆ ਹੈ। ਦੂਜੇ ਨਕਸ਼ੇ (ਨਕਸ਼ਾ ਨੰਬਰ ਦੋ, 1870) ਵਿੱਚ, ਧੁਰ ਸੱਜੇ ਇਹ ਲੜੀ ਮੁੱਦਕੀ ਨੇੜਿਉਂ ਪਿੰਡ ਜੰਡਵਾਲਾ ਤੋਂ ਸ਼ੁਰੂ ਹੋ ਕੇ ਫ਼ਰੀਦਕੋਟ-ਮੁਕਤਸਰ-ਮੌੜ-ਚੱਕ ਮਦਰੱਸਾ-ਚੱਕ ਖੁੜੰਜ ਅਤੇ ਨੌਖੇੜੀਆ ਤੱਕ ਦਿਸਦੀ ਹੈ।

ਦਰਿਆਇ-ਦੰਦਾ ਦੇ ਨਾਲੇ
ਦੰਦੇ ਦੀ ਉੱਚੀ ਰੇਤਲੀ ਪੱਟੀ ਦੇ ਪੈਰਾਂ ਵਿੱਚ ਕਈ ਨਾਲੇ ਵਗਦੇ ਸਨ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਗਜ਼ਟੀਅਰਾਂ, ਮਰਦਮਸ਼ੁਮਾਰੀ ਅਤੇ ਬੰਦੋਬਸਤ ਰਪਟਾਂ ਵਿੱਚ ਇਨ੍ਹਾਂ ਨਾਲਿਆਂ ਦਾ ਜ਼ਿਕਰ ਆਉਂਦਾ ਹੈ। ਉਸ ਵੇਲੇ ਦੀ ਮੋਗਾ ਅਤੇ ਜ਼ੀਰਾ ਤਹਿਸੀਲਾਂ ਵਿੱਚ ਦੰਦੇ ਨਾਮ ਦਾ ਨਾਲਾ ਵਗਦਾ ਸੀ। ਮੁਕਤਸਰ ਦੀ ਰੋਹੀ ਵਿੱਚ ਸੋਤਰ ਨਾਮ ਦਾ ਵਹਿਣ ਫ਼ਾਜ਼ਿਲਕਾ ਦੀ ਬਾਧਾ ਝੀਲ ਤੱਕ ਪਾਣੀ ਲੈ ਕੇ ਜਾਂਦਾ ਸੀ। ਬਾਧਾ ਝੀਲ ਦਾ ਨਾਮ ਪਿੰਡ ਬਾਧਾ ਤੋਂ ਪਿਆ ਸੀ। ਹੁਣ ਇਹ ਪਿੰਡ ਫ਼ਾਜ਼ਿਲਕਾ ਸ਼ਹਿਰ ਦੀ ਹੱਦਬੰਦੀ ਦੇ ਅੰਦਰ ਹੈ। 1960 ਦੀ ‘ਸਿੰਧੂ ਪਾਣੀ ਸੰਧੀ’ ਕਾਰਨ ਝੀਲ ਵਿੱਚ ਸਤਲੁਜ ਦਾ ਪਾਣੀ ਪੈਣਾ ਬੰਦ ਹੋ ਗਿਆ ਅਤੇ ਝੀਲ ਸੁੱਕਣੀ ਸ਼ੁਰੂ ਹੋ ਗਈ। ਸਤਲੁਜ ਦਾ ਪਾਣੀ ਝੀਲ ਦਾ ਮੁੱਖ ਵਸੀਲਾ ਸੀ। ਝੀਲ ਦੀ ਸੁੱਕੀ ਜ਼ਮੀਨ ਕਾਲੋਨੀਆਂ ਕੱਟਣ ਲਈ ਦੇ ਦਿੱਤੀ ਗਈ ਹੈ ਪਰ ਜ਼ਿੰਮੇਵਾਰ ਸ਼ਹਿਰੀਆਂ ਦੇ ਹੰਭਲਿਆਂ ਨਾਲ ਹੁਣ ਇਹਨੂੰ ਮੁੜ-ਸੁਰਜੀਤ ਕਰਨ ਦੀ ਗੱਲ ਚੱਲ ਰਹੀ ਹੈ। ਆਈਆਈਟੀ ਰੁੜਕੀ ਦੇ ਸਾਬਕਾ ਅਧਿਆਪਕ ਭੁਪਿੰਦਰ ਠਾਕਰ ਸਿੰਘ ਨੇ ਝੀਲ ਦੇ ਇਤਿਹਾਸ ਬਾਬਤ ਕਿਤਾਬਚਾ ‘ਫ਼ਾਜ਼ਿਲਕਾ: ਦਿ ਟਾਊਨ ਔਨ ਦਿ ਬਾਧਾ ਲੇਕ’ ਲਿਖਿਆ ਹੈ।
ਦਰਿਆਇ-ਦੰਦਾ ਦੀ ਵਾਦੀ ਵਿੱਚ ਡਿੱਗਣ ਵਾਲੇ ਹੋਰ ਨਾਲਿਆਂ ਦੀ ਤਫ਼ਸੀਲ ਹਡਗਸਨ (1847) ਨੇ ਲਿਖੀ ਹੈ। ਇਨ੍ਹਾਂ ਵਿੱਚ ਸ਼ੇਖ਼ੂਪੁਰਾ ਨਾਲਾ, ਚੁਗਾਵਾਂ ਨਾਲਾ ਅਤੇ ਡਗਰੂ ਨਾਲਾ ਸ਼ਾਮਿਲ ਹਨ। ਸ਼ੇਖ਼ੂਪੁਰਾ ਨਾਲਾ ਅਤੇ ਚੁਗਾਵਾਂ ਨਾਲੇ ਦਾ ਸਾਂਝਾ ਵਹਿਣ ਭਲੂਰ ਅਤੇ ਡੇਮਰੂ (ਜ਼ਿਲ੍ਹਾ ਮੋਗਾ) ਪਿੰਡਾਂ ਤੱਕ ਪਛਾਨਣਯੋਗ ਸੀ। ਇਹ ਮੌਜੂਦਾ ‘ਮੋਗਾ ਨਾਲੇ’ ਨਾਲ ਮੇਲ ਖਾਂਦਾ ਹੈ।ਡੇਮਰੂ ਦੇ ਪੱਛਮ ਵਿੱਚ ਡਗਰੂ ਵਾਲਾ ਵਹਿਣ ਹੈ ਜੋ ਧਰਮਕੋਟ ਜਾਂ ਕੋਟ ਈਸੇ ਖਾਂ-ਸਲੀਣਾ-ਡਗਰੂ-ਸੋਸਣ-ਤੋਂ ਹੁੰਦਾ ਹੋਇਆ ਜੰਡਵਾਲਾ-ਮਿਸ਼ਰੀਵਾਲਾ-ਪੱਕਾ ਕੋਲੋਂ ਲੰਘਦਾ ਅੱਗੇ ਫ਼ਰੀਦਕੋਟ ਤੱਕ ਸਾਫ ਦਿਸਦਾ ਸੀ। ਇਸੇ ਨਾਲੇ ਨੂੰ ਗਜ਼ਟੀਅਰਾਂ ਵਿੱਚ ਦੰਦਾ ਨਾਲਾ ਕਿਹਾ ਗਿਆ ਹੋਵੇਗਾ। ਇਹ ਸਾਰੇ ਫ਼ਰੀਦਕੋਟ ਦੇ ਨੇੜੇ ਮਿਲਦੇ ਸਨ ਅਤੇ ਵੱਡਾ ਵਹਿਣ ਬਣਾਉਂਦੇ ਸਨ। ਇਸ ਵੱਡੇ ਵਹਿਣ ਨੂੰ ਅੰਗਰੇਜ਼ਾਂ ਨੇ ਦਰਿਆਇ-ਦੰਦਾ ਕਿਹਾ ਸੀ। ਲੋਪੋਂ(ਨੇੜੇ ਬੱਧਨੀ, ਜ਼ਿਲ੍ਹਾ ਮੋਗਾ) ਅਤੇ ਫ਼ਰੀਦਕੋਟ ਦੇ ਵਿਚਕਾਰ ਅੱਧੇ ਮੀਲ ਤੋਂ ਮੀਲ ਤੱਕ ਚੌੜਾ ਵਹਿਣ ਸੀ। ਇਹ ਵਹਿਣ ਫ਼ਰੀਦਕੋਟ ਦੇ ਨੇੜੇ ਦਰਿਆਇ-ਦੰਦਾ ਨਾਲ ਮਿਲਦਾ ਸੀ। ਇਹ ਵਹਿਣ ਵੀ ਕਿਸੇ ਰੇਤਲੀ ਪੱਟੀ ਦੇ ਰੂਪ ਵਿੱਚ ਹੋਵੇਗਾ।
ਤਿਹਾੜਾ ਨਹਿਰ ਦੀ ਰਪਟ (1847) ਵਿੱਚ ਨਹਿਰੀ ਮਹਿਕਮੇ ਦੇ ਮੁੱਖ ਅਫ਼ਸਰ ਮੇਜਰ ਬੇਕਰ ਨੇ ਨਹਿਰ ਦਾ ਨਕਸ਼ਾ ਪੇਸ਼ ਕੀਤਾ ਸੀ। ਉਹਦੇ ਮੁਤਾਬਿਕ ਤਿਹਾੜਾ-ਭੂੰਦੜੀ ਨੇੜਿਉਂ ਸਤਲੁਜ ਵਿੱਚੋਂ ਨਹਿਰ ਕੱਢ ਕੇ ਪਾਣੀ ਚੁਗਾਵਾਂ ਅਤੇ ਸ਼ੇਖੂਪੁਰੇ ਵਾਲੇ ਸਾਂਝੇ ਵਹਿਣ (ਮੋਗਾ ਨਾਲਾ) ਵਿੱਚ ਪਾਇਆ ਜਾਵੇ। ਚੁਗਾਵਾਂ ਵਾਲੇ ਵਹਿਣ ਨੂੰ ਦੰਦੇ ਵਾਲੇ ਵਹਿਣ ਨਾਲ ਜੋੜ ਕੇ ਫ਼ਰੀਦਕੋਟ, ਕੋਟਕਪੂਰਾ ਅਤੇ ਮੁਕਤਸਰ ਤੱਕ ਪਾਣੀ ਪੁਚਾਇਆ ਜਾਵੇ। ਇਹ ਜੁਗਤ ਅੰਗਰੇਜ਼ਾਂ ਦੇ ਸੂਤ ਨਹੀਂ ਬੈਠੀ। ਉਨ੍ਹਾਂ ਨੇ ਤਿਹਾੜੇ ਕੋਲੋਂ ਨਹਿਰ ਕੱਢਣ ਦਾ ਵਿਚਾਰ ਤਿਆਗ ਦਿੱਤਾ ਪਰ ਨਹਿਰ ਦੇ ਸਰਵੇ ਨੇ ਅੰਗਰੇਜ਼ਾਂ ਦਾ ਧਿਆਨ ਦੰਦੇ ਦੇ ਖਿੱਤੇ ਵੱਲ ਜ਼ਰੂਰ ਦਿਵਾ ਦਿੱਤਾ। ਬਾਅਦ ਵਿੱਚ ਉਨ੍ਹਾਂ ਨੇ ਰੋਪੜ ਕੋਲੋਂ ਸਰਹਿੰਦ ਨਹਿਰ ਕੱਢਣ ਵਿੱਚ ਕਾਮਯਾਬੀ ਹਾਸਿਲ ਕਰ ਲਈ।
ਹੇਠਲਾ ਦੰਦਾ (Lower Danda) ਜਾਂ ਛੋਟਾ ਦੰਦਾ
ਹੇਠਲੇ ਦੰਦੇ (Lower Danda) ਦਾ ਸੰਬੰਧ ਸੁੱਕੜ ਨੈਂ ਨਾਲ ਜੁੜਦਾ ਹੈ। ਤਿਹਾੜੇ ਦੇ ਕੋਲੋਂ ਸਤਲੁਜ ਵਿੱਚੋਂ ਸੁੱਕੜ ਨੈਂ ਨਾਮ ਦੀ ਨਦੀ ਨਿਕਲਦੀ ਸੀ। ਇਹ ਤਿਹਾੜਾ-ਧਰਮਕੋਟ-ਕੋਟ ਈਸੇ ਖਾਂ-ਫ਼ਿਰੋਜ਼ਪੁਰ-ਖਾਈ-ਗੁਰੂ ਹਰਸਹਾਇ ਹੁੰਦੀ ਹੋਈ ਮੰਡੀ ਲਾਧੂਕਾ (ਜ਼ਿਲ੍ਹਾ ਫ਼ਾਜ਼ਿਲਕਾ) ਕੋਲ ਸਤਲੁਜ ਵਿੱਚ ਮੁੜ ਲੀਨ ਹੋ ਜਾਂਦੀ ਸੀ। ਸੁੱਕੜ ਨਦੀ ਦੇ ਵਹਿਣਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਪਹਿਲੇ ਵਹਿਣ ਨੂੰ ‘ਦੰਦੀ ਪੁਰਾਣੀ’ (Dundee Pooranee) ਕਿਹਾ ਗਿਆ ਹੈ। ਦੂਜੀ ਨੂੰ ‘ਦੰਦੀ ਨਵੀਂ’ (Dundee Navee) ਲਿਖਿਆ ਮਿਲਦਾ ਹੈ। ਉੱਤਰੀ ਵਹਿਣ, ਤਿਹਾੜਾ-ਧਰਮਕੋਟ-ਕੋਟ ਈਸੇ ਖਾਂ-ਕਟੋਰਾ-ਬਹਿਕ ਗੁੱਜਰਾਂ-ਲਹੁਕੇ-ਜੌੜਾ ਤੋਂ ਹੁੰਦਾ ਹੋਇਆ ਫ਼ਿਰੋਜ਼ਪੁਰ ਦੇ ਉੱਤਰ ਵਿੱਚ ਪਿੰਡ ਪੱਲ੍ਹਾ-ਮੇਘਾ ਕੋਲ ਸਤਲੁਜ ਨਾਲ ਮਿਲ ਜਾਂਦਾ ਸੀ। ਉੱਤਰੀ ਵਹਿਣ ਦਾ ਮੁਕਾਮੀ (Local) ਨਾਮ ‘ਫਾਟ’ (ਫਾਂਟ) ਵੀ ਹੈ। ਬਸਤਾਨੀ ਨਕਸ਼ਿਆਂ ਵਿੱਚ ਇਹ ਸ਼ਬਦ ਲਿਖਿਆ ਮਿਲਦਾ ਹੈ। ਫ਼ਿਰੋਜ਼ਪੁਰ ਤੋਂ ਸੁਖਜਿੰਦਰ ਹੋਰਾਂ ਨੇ ਦੱਸਿਆ ਕਿ ਸੁੱਕੜ ਨੈਂ ਦਾ ਉੱਤਰੀ ਜਾਂ ਫਾਟ ਵਾਲੇ ਵਹਿਣ ਦਾ ਕੁਝ ਹਿੱਸਾ ਦਸ ਕੁ ਸਾਲ ਪਹਿਲਾਂ ਵਗਦਾ ਹੁੰਦਾ ਸੀ। ਇਸ ਫਾਟ ਦੀਆਂ ਨਿਸ਼ਾਨੀਆਂ ਹੁਣ ਵੀ ਪਿੰਡ ਕਮਾਲੇਵਾਲਾ, ਪੱਲ੍ਹਾ-ਮੇਘਾ ਅਤੇ ਭੰਬਾ ਸਿੰਘ ਵਾਲਾ ਕੋਲ ਦੇਖੀਆ ਜਾ ਸਕਦੀਆਂ ਹਨ।

ਸੁੱਕੜ ਨੈਂ ਦਾ ਦੱਖਣੀ ਵਹਿਣ, ਫ਼ਿਰੋਜ਼ਪੁਰ ਤੋਂ ਹੇਠਾਂ ਪਿੰਡ ਖਾਈ ਅਤੇ ਬਜ਼ੀਦਪੁਰ ਦੇ ਵਿਚਕਾਰੋਂ ਹੁੰਦਾ ਹੋਇਆ ਹੇਠਾਂ ਮੰਡੀ ਲਾਧੂਕਾ ਤੱਕ ਫੈਲਿਆ ਹੋਇਆ ਸੀ। ਇਸ ਦੱਖਣੀ ਵਹਿਣ ਦੇ ਨਾਲ ਨਾਲ ਟਿੱਬਿਆਂ ਦੀ ਲੰਬੀ ਲੜੀ ਦਾ ਖ਼ਾਸ ਨਜ਼ਾਰਾ (Landscape) ਚੱਲਦਾ ਸੀ। ਇਹ ਲੜੀ ਦੂਜੇ ਨਕਸ਼ੇ (ਨਕਸ਼ਾ ਨੰਬਰ ਦੋ) ਵਿੱਚ ਝੋਕ ਹਰੀਹਰ-ਗੁਲਾਮ ਪੱਤਰਾ-ਮੁਮਾਰਾ-ਮੋਹਣ ਕੇ ਉਤਾੜ (ਨੇੜੇ ਗੁਰੂ ਹਰਸਹਾਇ)-ਨਧਾਨਾ-ਜਲਾਲਬਾਦ-ਬਾਹਮਣੀਵਾਲਾ-ਬਹਿਕ ਖਾਸ-ਸੈਦੋ ਕੇ ਹਿਠਾੜ (ਫ਼ਾਜ਼ਿਲਕਾ) ਤੱਕ ਦਿਖਾਈ ਦਿੰਦੀ ਹੈ। ਇਹ ਦੂਜੇ ਨਕਸ਼ੇ ਦੇ ਧੁਰ ਖੱਬੇ ਹੈ। ਇਸ ਰੇਤਲੀ ਪੱਟੀ ਨੂੰ ਮੇਜਰ ਰੈਵਰਟੀ (1892) ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਬੰਦੋਬਸਤ ਰਪਟ (1854) ਦੇ ਹਵਾਲੇ ਨਾਲ ਹੇਠਲਾ ਦੰਦਾ (Lower Danda) ਕਿਹਾ ਹੈ ਜੋ ਉਹਦੇ ਮੁਤਾਬਿਕ ਸਤਲੁਜ ਦੇ ਸਭ ਤੋਂ ਤਾਜ਼ੇ ਛੱਡੇ ਵਹਿਣ ਦੀ ਨਿਸ਼ਾਨੀ ਸੀ।
1798 ਵਿੱਚ ਜਾਰਜ ਥਾਮਸ ਨਾਮ ਦੇ ਫ਼ੌਜਦਾਰ ਨੇ ਆਪਣੀ ਕਿਤਾਬ ‘ਦਿ ਮਿਲਟਰੀ ਮੈਮੋਆਇਰ ਔਫ਼ ਜਾਰਜ ਥਾਮਸ’ ਵਿੱਚ ਲਿਖਿਆ ਹੈ ਕਿ ਉਹਦੇ ਵੇਲੇ ਸਤਲੁਜ ਫ਼ਿਰੋਜ਼ਪੁਰ ਦੇ ਦੱਖਣ ਵਿੱਚ ‘ਦੰਦਾ ਦੇ ਵਹਿਣ’ ਰਾਹੀਂ ਵਗਦਾ ਸੀ। ਰੈਵਰਟੀ ਦਾ ਦਾਅਵਾ ਹੈ ਕਿ ਥਾਮਸ ਹੇਠਲੇ ਦੰਦੇ ਦੀ ਗੱਲ ਕਰ ਰਿਹਾ ਹੈ। ਅੰਗਰੇਜ਼ ਖੋਜੀਆਂ ਨੇ ਸਤਲੁਜ ਦੇ ਵਹਿਣਾਂ ਬਾਬਤ ਬੇਸ਼ੁਮਾਰ ਅੰਦਾਜ਼ੇ ਲਾਏ ਹਨ। ਇਨ੍ਹਾਂ ਅੰਦਾਜ਼ਿਆਂ ਦੀ ਬੁਨਿਆਦ ਸਲਤਨਤ ਅਤੇ ਮੁਗ਼ਲ ਸਮਿਆਂ ਦੀਆਂ ਲਿਖਤਾਂ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਸਮਿਆਂ ਦੀਆਂ ਲਿਖਤਾਂ ਵਿੱਚ ਕਈ ਲੜਾਈਆਂ ਦੰਦਾ ਦਰਿਆ ਦੇ ਕੰਢੇ ਹੋਣ ਦਾ ਜ਼ਿਕਰ ਮਿਲਦਾ ਹੈ। ‘ਤਾਰੀਖੇ-ਮੁਬਾਰਕਸ਼ਾਹੀ’ ਕਿਤਾਬ (1421-34 ਈਸਵੀ) ਮੁਤਾਬਿਕ 23 ਫਰਵਰੀ 1401 ਈਸਵੀ ਵਿੱਚ ਖ਼ਿਜ਼ਰ ਖਾਨ ਦੀ ਲੜਾਈ ਤਾਘੀ ਖਾਨ ਤੁਰਕਚੀ ਨਾਲ ਅਜੋਧਨ (ਪਾਕਪਟਨ) ਦੇ ਖਿੱਤੇ ਵਿੱਚ ਦੰਦਾ ਦਰਿਆ ਦੇ ਕਿਨਾਰੇ ਹੋਈ। ਤੁਰਕਚੀ ਹਾਰਨ ਤੋਂ ਬਾਅਦ ਅਬੋਹਰ ਭੱਜ ਗਿਆ। ਮਲਿਕ ਇਕਬਾਲ ਖਾਨ ਨੇ 1405 ਵਿੱਚ ਰੋਪੜ ਤੋਂ ਮੁਲਤਾਨ ਵੱਲ ਚੜਾਈ ਕੀਤੀ ਅਤੇ ਖਿਜ਼ਰ ਖਾਨ ਨਾਲ ਉਹਦੀ ਲੜਾਈ ਅਜੋਧਨ (ਪਾਕਪਟਨ) ਜ਼ਿਲ੍ਹੇ ਦੇ ਨੇੜੇ ਦੰਦਾ ਦਰਿਆ ਦੇ ਕਿਨਾਰੇ ਹੋਈ। ਦਰਿਆਇ-ਦੰਦਾ ਜਾਂ ਵੱਡੇ ਦੰਦੇ ਦਾ ਵਹਿਣ ਪਾਕਪਟਨ ਦੇ ਤੇਈ ਮੀਲ ਦੱਖਣ ਵਿੱਚ ਸਤਲੁਜ ਦੇ ਖੱਬੇ ਕੰਢੇ ਨੇੜੇ ਸੀ ਪਰ ਇਸ ਦੰਦੇ ਕੰਢੇ ਉੱਪਰਲੀਆਂ ਲੜਾਈਆਂ ਹੋਣ ਦਾ ਵਿਚਾਰ ਸਹੀ ਨਹੀਂ ਹੈ। ਇਹ ਲੜਾਈਆਂ ਪਾਕਪਟਨ ਦੇ ਨੇੜੇ ਸਤਲੁਜ ਦੇ ਸੱਜੇ ਕੰਢੇ ਉੱਤੇ ਮੌਜੂਦ ਸੁੱਕੇ ਵਹਿਣ ‘ਦੰਦਾ ਨਾਲੇ’ ਦੇ ਕੰਢੇ ਹੋਈਆਂ ਹੋਣਗੀਆਂ। ਇਸੇ ਦੰਦੇ ਨਾਲੇ ਦਾ ਜ਼ਿਕਰ ਮੈਕੇਸਨ ਅਤੇ ਕਨਿੰਘਮ ਨੇ ਆਪਣੀਆਂ ਲਿਖਤਾਂ ਵਿੱਚ ਕੀਤਾ ਹੈ। ਸਲਤਨਤ ਅਤੇ ਮੁਗ਼ਲਾਂ ਸਮਿਆਂ ਦੀਆਂ ਲਿਖਤਾਂ ਦੇ ਹਵਾਲੇ ਨਾਲ ਅੰਗਰੇਜ਼ ਖ਼ੋਜੀਆਂ ਦਾ ਹੋਰ ਦਾਅਵਾ ਹੈ ਕਿ ਤੇਰਵੀਂ ਸਦੀ ਵਿੱਚ ਬਾਬਾ ਸ਼ੇਖ਼ ਫ਼ਰੀਦ ਦੇ ਵਕਤ ਸਤਲੁਜ ‘ਵੱਡੇ ਦੰਦੇ’ ਦੇ ਵਹਿਣ ਰਾਹੀਂ ਵਗਦਾ ਸੀ। ਚੌਦਵੀਂ ਸਦੀ ਵਿੱਚ ਤੈਮੂਰ ਧਾੜਵੀ ਦੇ ਹਮਲੇ ਸਮੇਂ ਸਤਲੁਜ ਦੇ ਦੰਦਾ ਵਹਿਣ ਰਾਹੀਂ ਵਗਣ ਦਾ ਦਾਅਵਾ ਕੀਤਾ ਜਾਂਦਾ ਹੈ। ਇਹ ਸਭ ਕਿਆਸ ਮਾਤਰ ਹਨ। ਦਾਅਵੇ ਨਾਲ ਕਹਿਣਾ ਔਖਾ ਹੈ ਕਿ ਇਨ੍ਹਾਂ ਇਤਿਹਾਸਕ ਲਿਖਤਾਂ ਵਿੱਚ ਜਿਸ ਦੰਦੇ ਦਰਿਆ ਦਾ ਜ਼ਿਕਰ ਆਉਂਦਾ ਹੈ, ਕੀ ਉਹ ਵੱਡਾ ਦੰਦਾ ਹੈ ਜਾਂ ਹੇਠਲਾ ਦੰਦਾ ਹੈ? ਕੀ ਇਹ ਧਰਮਕੋਟ ਤੋਂ ਪਾਕਪਟਨ ਤੱਕ ਸਤਲੁਜ ਦਾ ਕੋਈ ਵੀ ਸੁੱਕਾ ਵਹਿਣ ਹੋ ਸਕਦਾ ਹੈ, ਜਿਹਨੂੰ ਮੁਕਾਮੀ (Local) ਲੋਕ ਦੰਦਾ ਜਾਂ ਦੰਦੀ ਕਹਿੰਦੇ ਸਨ?

ਦੋਵੇਂ ਦੰਦਿਆਂ ਦੀਆਂ ਉੱਭਰੀਆਂ ਧਰਤੀਆਂ ਪਿਛਲੀ ਸਦੀ ਦੇ ਛੇਵੇਂ ਦਹਾਕੇ ਵਿੱਚ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਸਨ। ਹਰੇ ਇਨਕਲਾਬ ਨੇ ਟਿੱਬੇ ਪੱਧਰ ਕਰਨ ਦਾ ਬਾਨਣੂੰ ਬੰਨ ਦਿੱਤਾ। ਰੇਤਲੇ ਟਿੱਬਿਆਂ ਦੀ ਥਾਂ ਹਰੇ ਕਚੂਰ ਖੇਤਾਂ ਨੇ ਲੈ ਲਈ। ਜਿਹਨੇ ਭੁੱਖੇ ਮਰਦੇ ਮੁਲਕ ਦੇ ਢਿੱਡ ਨੂੰ ਧਰਵਾਸ ਦਿੱਤਾ। ਦੰਦਿਆਂ ਦੀਆਂ ਬੇਹੱਦ ਉੱਭਰੀਆਂ ਧਰਤੀਆਂ ਹੁਣ ਕਿਤਾਬਾਂ ਅਤੇ ਮਨੁੱਖੀ ਖਿਆਲਾਂ ਵਿੱਚ ਬਾਕੀ ਰਹਿ ਗਈਆਂ ਹਨ। ਹੁਣ ਕੁਝ ਸੇਮ-ਨਾਲੇ ਬਚੇ ਹਨ।1960-72 ਵਿੱਚ ਅਮਰੀਕਾ ਨੇ ਦੁਨੀਆ ਦੀ ਜਾਸੂਸੀ ਕਰਨ ਲਈ ਸੈਟੇਲਾਇਟ ਰਾਹੀਂ ਤਸਵੀਰਾਂ ਖਿੱਚੀਆਂ ਸਨ। ਇਨ੍ਹਾਂ ਵਿੱਚ ਪੰਜਾਬ ਸ਼ਾਮਿਲ ਸੀ। ਪੰਜਾਬ ਦੀਆਂ ਖਿੱਚੀਆਂ ਤਸਵੀਰਾਂ ਵਿੱਚ ਦੰਦਿਆਂ, ਢਾਹਿਆਂ, ਅਤੇ ਵਹਿਣਾਂ ਦੀਆਂ ਨਿਸ਼ਾਨੀਆਂ ਦੇਖੀਆਂ ਜਾ ਸਕਦੀਆਂ ਹਨ। ਤਸਵੀਰਾਂ ਵਿੱਚ ਵਹਿਣਾਂ ਅਤੇ ਟਿੱਬਿਆਂ ਦੀ ਲੰਬੀ ਲੜੀ ਧਰਮਕੋਟ ਤੋਂ ਮੁਕਤਸਰ ਵੱਲ ਜਾਂਦੀ ਦਿਖਾਈ ਦਿੰਦੀ ਹੈ। ਇਹਦੇ ਪੈਰਾਂ ਵਿੱਚ ਕੁਝ ਨਾਲੇ ਦਿਖਾਈ ਦਿੰਦੇ ਹਨ। ਇਹ ਨਿਸ਼ਾਨੀਆਂ 1980ਵਿਆਂ ਤੱਕ ਮੌਜੂਦ ਸਨ ਪਰ ਹੁਣ ਨਹੀਂ ਰਹੀਆਂ। ਹੁਣ ਇਸ ਖਿੱਤੇ ਦਾ ਨਾਮ ਸਾਡੇ ਚੇਤਿਆਂ ਵਿੱਚੋਂ ਕਿਰ ਰਿਹਾ ਹੈ।
ਦਰਿਆਇ-ਦੰਦਾ ਦੇ ਕੰਢੇ ਕਦੀਮੀ ਥੇਹਾਂ (Ancient Sites)
ਦਰਿਆਇ-ਦੰਦਾ ਦੇ ਕੰਢੇ ਬੇਸ਼ੁਮਾਰ ਕਦੀਮੀ ਥੇਹਾਂ ਦੀ ਨਿਸ਼ਾਨਦੇਹੀ ਹੋਈ ਸੀ। ਇਹ ਥੇਹਾਂ ਪੰਜਾਬ ਦੇ ਕਦੀਮੀ ਇਤਿਹਾਸ (Ancient History) ਦੀਆਂ ਗਵਾਹ ਹਨ। ਇਨ੍ਹਾਂ ਦਾ ਸੰਬੰਧ ਪੰਜਾਬ ਦੇ ਪਿਛਲੇ 5300 ਸਾਲ ਦੇ ਇਤਿਹਾਸ ਨਾਲ ਜੁੜਦਾ ਹੈ। ਰਾਜਾ ਸਿਰਕੱਪ ਅਤੇ ਅਰਨੀਵਾਲਾ ਦੀਆਂ ਥੇਹਾਂ ਅਗਲੇਰੇ ਹੜੱਪਾ ਕਾਲ (Pre-Harappan or Pre-Indus) ਅਤੇ ਸਿਖ਼ਰਲੇ ਹੜੱਪਾ ਕਾਲ (Mature Harappan) ਨਾਲ ਜੁੜੀਆਂ ਹੋਈਆਂ ਸਨ। ਰਾਜਾ ਸਿਰਕੱਪ ਦੀ ਥੇਹ ਫਰੀਦਕੋਟ ਤੋਂ ਦੋ ਮੀਲ ਦੱਖਣ ਵਿੱਚ ਮੌਜੂਦ ਸੀ। ਅਗਲੇਰਾ ਹੜੱਪਾ ਕਾਲ 5300 ਤੋਂ 4600 ਸਾਲ ਪੁਰਾਣਾ ਅਤੇ ਸਿਖ਼ਰਲਾ ਹੜੱਪਾ ਕਾਲ 4600 ਤੋਂ 3900 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਡਗਰੂ ਅਤੇ ਸੋਸਣ ਦੀਆਂ ਥੇਹਾਂ ਪਿਛਲੇਰੇ ਹੜੱਪਾ ਕਾਲ (Later Harappan) ਦੀਆਂ ਦੱਸੀਆਂ ਜਾਂਦੀਆਂ ਹਨ। ਪਿਛਲੇਰਾ ਹੜੱਪਾ ਕਾਲ 3900 ਤੋਂ 3300 ਸਾਲ ਪੁਰਾਣਾ ਮੰਨਿਆ ਗਿਆ ਹੈ। ਸੋਸਣ ਅਤੇ ਮਲਸੀਆਂ (ਜ਼ਿਲ੍ਹਾ ਫ਼ਿਰੋਜ਼ਪੁਰ) ਥੇਹਾਂ ਦਾ ਸੰਬੰਧ ਚਿਤਰੇ ਸਲੇਟੀ ਭਾਂਡਿਆਂ ਦੇ ਕਾਲ (Painted Grey ware) ਅਤੇ ਸਲੇਟੀ ਭਾਂਡਿਆਂ ਦੇ ਕਾਲ (Grey ware) ਨਾਲ ਸੀ। ਇਨ੍ਹਾਂ ਭਾਂਡਿਆਂ ਦਾ ਕਾਲ 3300 ਤੋਂ 2200 ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਮੰਡ ਤਿਹਾੜਾ, ਜਨੇਰ ਅਤੇ ਸਰਾਇ-ਨਾਗਾ (ਮੁਕਤਸਰ) ਦਰਿਆਇ-ਦੰਦਾ ਦੀਆਂ ਅਹਿਮ ਥੇਹਾਂ ਵਿੱਚ ਸ਼ੁਮਾਰ ਹੁੰਦੀਆਂ ਹਨ।
ਦਰਿਆਇ-ਦੰਦਾ ਦੇ ਨੇੜਲੀਆਂ ਹੋਰ ਥੇਹਾਂ
ਪੱਕਾ, ਮਿਸ਼ਰੀਵਾਲਾ, ਪਿੱਪਲੀ, ਭਾਣਾ, ਮਰਾੜ੍ਹ, ਬੀਹਲੇਵਾਲਾ, ਡੋਹਕ, ਫ਼ਰੀਦਕੋਟ (ਤਲਵੰਡੀ ਰੋਡ), ਫਰੀਦਕੋਟ-ਗੋਵਿੰਦਪੁਰ (?)(ਸਾਰੇ ਜ਼ਿਲ੍ਹਾ ਫ਼ਰੀਦਕੋਟ) ਮੁੱਦਕੀ, ਕੱਬਰਵੱਛਾ (ਜ਼ਿਲ੍ਹਾ ਫ਼ਿਰੋਜ਼ਪੁਰ) ਬੂੜਾ ਗੁੱਜਰ, ਮੌੜ, ਜੱਸਿਆਣਾ (ਸਾਰੇ ਜ਼ਿਲ੍ਹਾ ਮੁਕਤਸਰ), ਜਨੇਰ, ਖੋਸਾ ਕੋਟਲਾ, ਘੱਲ ਕਲਾਂ, ਖੋਸਾ ਜਲਾਲ ਜਾਂ ਨਵਾਂ ਪਿੰਡ, ਬਲਖੰਡੀ, ਕੜਿਆਲ ਅਤੇ ਮਨਸੂਰ ਦੇਵਾ (ਸਾਰੇ ਜ਼ਿਲ੍ਹਾ ਮੋਗਾ)।

ਜਤਿੰਦਰ ਮੌਹਰ
jatindermauhar@gmail.com







Be First to Comment