ਮਾਨਸਾ ਜ਼ਿਲ੍ਹੇ ਦੇ ਪਿੰਡ ਕੁਸਲਾ ਦੇ ਰਹਿਣ ਵਾਲੇ ਰਮਨਦੀਪ ਸਿੰਘ ਨੇ ਇੱਕ ਨਿਵੇਕਲੀ ਪਹਿਲ ਕੀਤੀ ਹੈ। ਰਮਨਦੀਪ ਆਮ ਵਰਤੋਂ ਦੀਆਂ ਚੀਜ਼ਾਂ ਜਿਵੇਂ ਟਾਈਮ ਪੀਸ, ਲੋਈਆਂ, ਖੱਦਰ ਦੇ ਝੋਲੇ ਤਿਆਰ ਕਰਦਾ ਹੈ ਜਿੰਨਾ ਉੱਤੇ ਪੰਜਾਬੀ ਲਿੱਪੀ, ਪੰਜਾਬੀ ਧਰਾਤਲ ਅਤੇ ਵਿਰਸੇ ਨਾਲ ਜੁੜੀ ਹੋਈ ਮਸ਼ੀਨੀ ਕਢਾਈ ਕੀਤੀ ਹੁੰਦੀ ਹੈ।
ਰਮਨਦੀਪ ਮੁਤਾਬਿਕ, “ਮੈਂ ਕਈ ਸਾਲਾਂ ਤੋਂ ਸਮਾਜ ਸੇਵੀ ਸੰਸਥਾਵਾਂ ਨਾਲ ਹੋਇਆ ਹਾਂ ਪਰ ਰੋਜ਼ਗਾਰ ਵੀ ਇੱਕ ਅਹਿਮ ਮਸਲਾ ਹੈ। ਮੈਂ ਅਜਿਹਾ ਕੰਮ ਕਰਨਾ ਚਾਹੁੰਦਾ ਸੀ ਜਿਸ ਨਾਲ ਰੋਜ਼ਗਾਰ ਵੀ ਚੱਲਦਾ ਰਹੇ ਅਤੇ ਸਮਾਜ ਲਈ ਵੀ ਕੋਈ ਯੋਗਦਾਨ ਪਾਇਆ ਜਾ ਸਕੇ। ਮੈਂ ਇਹ ਮਹਿਸੂਸ ਕੀਤਾ ਹੈ ਕਿ ਪੰਜਾਬੀ ਆਪਣੀ ਭਾਸ਼ਾ, ਲਿੱਪੀ ਅਤੇ ਵਿਰਸੇ ਤੋਂ ਬੇਮੁਖ ਹੁੰਦੇ ਜਾ ਰਹੇ ਹਨ। ਇਸੇ ਲਈ ਮੈਂ ਗੁਰਮੁਖੀ ਲਿੱਪੀ ਅਤੇ ਪੰਜਾਬੀ ਵਿਰਸੇ ਦੇ ਪ੍ਰਚਾਰ ਲਈ ਇਹ ਕੰਮ ਸ਼ੁਰੂ ਕੀਤਾ ਹੈ।
ਪਹਿਲਾਂ ਅਸੀਂ ਸਿਰਫ਼ ਝੋਲੇ ਬਣਾਏ ਜਿੰਨਾ ਉੱਤੇ ਗੁਰਮੁਖੀ ਲਿਖੀ ਹੁੰਦੀ ਸੀ, ਲੋਕਾਂ ਦਾ ਬਹੁਤ ਵਧੀਆ ਹੁੰਗਾਰਾ ਮਿਲ਼ਿਆ ਖ਼ਾਸਕਰ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੇ ਬਹੁਤ ਹੁੰਗਾਰਾ ਦਿੱਤਾ। ਫਿਰ ਅਸੀਂ ਗੁਰਮੁਖੀ ਚ ਲਿਖੇ ਅੰਕਾਂ ਵਾਲੇ ਟਾਈਮ ਪੀਸ ਤਿਆਰ ਕੀਤੇ ਇਸੇ ਤਰਾਂ ਲੋਈਆਂ ਤਿਆਰ ਕੀਤੀਆਂ।
ਹੁਣ ਅਸੀਂ ਅਜਿਹੇ ਹੀ ਗਰੌਸਰੀ ਬੈਗ ਤਿਆਰ ਕਰਨ ਦੀ ਯੋਜਨਾ ਬਣਾ ਰਹੇ ਹਾਂ। ਇਸ ਪਿੱਛੇ ਮੇਰਾ ਮਕਸਦ ਇਹ ਹੈ ਕਿ ਮੈਂ ਕਿਰਤ ਨਾਲ ਵੀ ਜੁੜਿਆ ਰਹਾਂ ਅਤੇ ਪੰਜਾਬੀ ਵਿਰਸੇ ਅਤੇ ਲਿੱਪੀ ਦਾ ਪ੍ਰਚਾਰ ਵੀ ਕਰਦਾ ਰਹਾਂ।”
ਹੇਠਲੀ ਵੀਡੀਓ ਵਿੱਚ ਰਮਨਦੀਪ ਨਾਲ ਉਸਦੇ ਇਸ ਨਿਵੇਕਲੇ ਕੰਮ ਬਾਰੇ ਗੱਲਬਾਤ ਕੀਤੀ ਗਈ ਹੈ:-
Be First to Comment