ਬਦਲਵੀਂ ਖੇਤੀ ਲਈ ਸਬਜ਼ੀ ਦੀ ਕਾਸ਼ਤ ਕਿਸਾਨਾਂ ਦੀ ਪਹਿਲੀ ਪਸੰਦ ਹੈ ਪਰ ਇਸ ਵਿੱਚ ਕਾਮਯਾਬੀ ਬਹੁਤ ਘੱਟ ਕਿਸਾਨਾਂ ਨੂੰ ਮਿਲਦੀ ਹੈ। ਸਬਜ਼ੀਆਂ ਅਤੇ ਫਲਾਂ ਦਾ ਮੰਡੀਕਰਨ ਇਸ ਪਿੱਛੇ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ। ਸਬਜ਼ੀਆਂ ਅਤੇ ਫਲਾਂ ਲਈ, ਕਣਕ ਝੋਨੇ ਵਾਂਗ ਐੱਮ.ਐਸ.ਪੀ ਨਹੀਂ ਮਿਲਦਾ। ਸਬਜ਼ੀਆਂ ਅਤੇ ਫਲਾਂ ਦੇ ਭਾਅ ਮੰਡੀਆਂ ਵਿੱਚ ਰੋਜ਼ ਤੈਅ ਹੁੰਦੇ ਹਨ। ਇਸ ਵਿੱਚ ਇੰਨਾ ਉਤਰਾਅ ਚੜ੍ਹਾਅ ਹੁੰਦਾ ਹੈ ਕਿ ਇੱਕ ਵਾਰ ਪਿਆ ਘਾਟਾ ਹੀ ਕਿਸਾਨ ਨੂੰ ਇਸ ਖੇਤੀ ਤੋਂ ਦੂਰ ਕਰ ਦਿੰਦਾ ਹੈ। ਘੱਟ ਜ਼ਮੀਨ ਵਾਲਾ ਕਿਸਾਨ ਤਾਂ ਇਹ ਖ਼ਤਰਾ ਮੁੱਲ ਲੈਣਾ ਹੀ ਨਹੀਂ ਚਾਹੁੰਦਾ। ਇਸ ਕਰਕੇ ਹੀ ਇਸ ਖੇਤੀ ਵਿੱਚ ਬਹੁਤ ਥੋੜੇ ਕਿਸਾਨ ਟਿਕ ਪਾਉਂਦੇ ਹਨ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਸੁਖਨਾ ਅਬਲੂ ਦੇ ਰਹਿਣ ਵਾਲੇ ਸਬਜ਼ੀ ਕਾਸ਼ਤਕਾਰ ਬਲਵਿੰਦਰ ਸਿੰਘ ਇਸਦਾ ਵੱਖਰਾ ਹੱਲ ਸੁਝਾਉਂਦੇ ਹਨ। ਬਲਵਿੰਦਰ ਸਿੰਘ ਆਪਣੇ ਖੇਤ ਵਿੱਚ ਹੀ ਸਟਾਲ ਲਾ ਕੇ ਸਬਜ਼ੀ ਵੇਚਦੇ ਹਨ। ਬਲਵਿੰਦਰ ਸਿੰਘ ਲਗਭਗ ਪੰਜ ਏਕੜ ਵਿੱਚ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਕਰਦੇ ਹਨ। ਬਲਵਿੰਦਰ ਸਿੰਘ ਨਾ ਸਿਰਫ਼ ਇਸ ਬਦਲਵੀਂ ਖੇਤੀ ਨੂੰ ਸਫਲਤਾ ਨਾਲ ਕਰ ਰਹੇ ਹਨ ਸਗੋਂ 7-8 ਮਜ਼ਦੂਰਾਂ ਨੂੰ ਪੱਕਾ ਰੋਜ਼ਗਾਰ ਵੀ ਦੇ ਰਹੇ ਹਨ।
ਬਲਵਿੰਦਰ ਸਿੰਘ ਦੱਸਦੇ ਹਨ, “ ਮੈਂ ਮਲਟੀ ਕਰੌਪਿੰਗ ਵਿਧੀ ਨੂੰ ਅਪਣਾਇਆ ਹੈ। ਇਸ ਵਿੱਚ ਇੱਕ ਹੀ ਖੇਤ ਵਿੱਚ ਇੱਕੋ ਸਮੇਂ ਕਈ ਫ਼ਸਲਾਂ ਲਈਆਂ ਜਾਂਦੀਆਂ ਹਨ। ਇਸਦਾ ਇੱਕ ਫ਼ਾਇਦਾ ਤਾਂ ਇਹ ਹੁੰਦਾ ਹੈ ਕਿ ਕਿਸੇ ਫ਼ਸਲ ਦਾ ਰੇਟ ਵੱਧ ਜਾਂ ਘੱਟ ਹੋਣ ਤੇ ਵੀ ਆਮਦਨ ਦਾ ਸੰਤੁਲਨ ਬਣਿਆ ਰਹਿੰਦਾ ਹੈ। ਦੂਸਰਾ ਸਾਰਾ ਸਾਲ ਮੇਰੇ ਖੇਤ ਵਿੱਚ ਕੋਈ ਨਾ ਕੋਈ ਫ਼ਸਲ ਵੇਚਣ ਲਈ ਤਿਆਰ ਹੁੰਦੀ ਹੈ। ਸਭ ਤੋਂ ਵੱਡਾ ਫ਼ਰਕ ਇਹ ਹੈ ਕਿ ਮੈਂ ਆਪ ਤੱਕੜੀ ਫੜ ਲਈ। ਤੱਕੜੀ ਬਾਬੇ ਨਾਨਕ ਨੇ ਵੀ ਫੜੀ ਸੀ। ਇਹ ਤੱਕੜੀ ਹੀ ਕਿਸਾਨਾਂ ਨੂੰ ਬਚਾ ਸਕਦੀ ਹੈ। ਜੇ ਸਰਕਾਰ ਦੇ ਆਸਰੇ ਇਹ ਖੇਤੀ ਕਰੀਏ ਤਾਂ ਇਹ ਘਾਟੇ ਦਾ ਸੌਦਾ ਹੈ।”
ਬਲਵਿੰਦਰ ਸਿੰਘ ਦੀ ਖੇਤੀ ਤਕਨੀਕ ਅਤੇ ਉਨ੍ਹਾਂ ਦੀਆਂ ਫ਼ਸਲਾਂ ਬਾਰੇ ਵਿਸਥਾਰ ਵਿੱਚ ਹੇਠਲੀ ਵੀਡੀਓ ਵਿੱਚ ਜਾਣਕਾਰੀ ਦਿੱਤੀ ਗਈ ਹੈ: –
Be First to Comment