ਪੰਜਾਬ ਦੇ ਸ਼ਹਿਰ ਧੂਰੀ ਦਾ ਰਹਿਣ ਵਾਲਾ ਜਸਵੀਰ ਮਾਹੀ ਇੱਕ ਹੁਨਰਮੰਦ ਚਿੱਤਰਕਾਰ ਹੈ। ਜਸਵੀਰ ਮਾਹੀ ਨੇ ਚਿੱਤਰਕਾਰੀ ਦੀ ਕੋਈ ਵਿੱਦਿਅਕ ਸਿਖਲਾਈ ਨਹੀਂ ਲਈ ਹੈ। ਉਸ ਨੇ ਇਸ ਕਲਾ ਦੇ ਮਾਹਿਰ ਚਿੱਤਰਕਾਰਾਂ ਦੀ ਸੰਗਤ ਵਿੱਚ ਰਹਿ ਕੇ ਕਲਾ ਦੀਆਂ ਬਰੀਕੀਆਂ ਨੂੰ ਸਮਝਿਆ ਅਤੇ ਸਖ਼ਤ ਮਿਹਨਤ ਅਤੇ ਲਗਨ ਦੇ ਦਮ ਤੇ ਇਸ ਵਿੱਚ ਮੁਹਾਰਤ ਹਾਸਲ ਕੀਤੀ। ਜਸਵੀਰ ਆਪਣੇ ਹੁਨਰ ਦੀ ਮਦਦ ਨਾਲ ਪੰਜਾਬ ਦੀ ਖ਼ੂਬਸੂਰਤੀ ਨੂੰ ਕੈਨਵਸ ਤੇ ਉਤਾਰਦਾ ਹੈ ਤਾਂ ਦੇਖਣ ਵਾਲਾ ਬੰਦਾ ਦੰਗ ਰਹਿ ਜਾਂਦਾ ਹੈ।
ਜਸਵੀਰ ਲਈ ਇਹ ਸਫ਼ਰ ਬਹੁਤਾ ਸੌਖਾ ਨਹੀਂ ਰਿਹਾ। ਜਸਵੀਰ ਮਾਹੀ ਦੱਸਦਾ ਹੈ, “ਪੇਂਟਿੰਗ ਮੇਰਾ ਬਚਪਨ ਦਾ ਸ਼ੌਕ ਸੀ। ਪਿੰਡਾਂ ਦੇ ਜਵਾਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਆਪਣੇ ਸ਼ੌਕ ਨੂੰ ਪੂਰਾ ਕਿਵੇਂ ਕਰਨਾ ਹੈ। ਕਈ ਸਾਲ ਬੋਰਡ ਲਿਖਣ ਵਾਲੇ ਇੱਕ ਪੇਂਟਰ ਦਾ ਸ਼ਾਗਿਰਦ ਰਿਹਾ। ਫਿਰ ਹੌਲੀ-ਹੌਲੀ ਚਿੱਤਰਕਲਾ ਦੇ ਮਾਹਿਰਾਂ ਦੀ ਸੰਗਤ ਮਿਲਦੀ ਗਈ ਤੇ ਹੁਨਰ ਵਿੱਚ ਨਿਖਾਰ ਆਉਂਦਾ ਗਿਆ।
ਘਰ ਚਲਾਉਣਾ ਦੂਜੀ ਵੱਡੀ ਸਮੱਸਿਆ ਸੀ। ਮੇਰਾ ਜ਼ਿਆਦਾ ਕੰਮ ਪੰਜਾਬ ਉੱਤੇ ਹੀ ਹੁੰਦਾ ਹੈ ਪਰ ਬਦਕਿਸਮਤੀ ਨਾਲ ਸਾਡੇ ਲੋਕਾਂ ਨੂੰ ਘਰਾਂ ਵਿੱਚ ਵਿਦੇਸ਼ੀ ਪੇਂਟਿੰਗ ਲਾਉਣਾ ਜ਼ਿਆਦਾ ਟੌਅਰ ਵਾਲੀ ਗੱਲ ਲਗਦੀ ਹੈ। ਆਰਥਿਕ ਸਮੱਸਿਆਵਾਂ ਬਹੁਤ ਆਈਆਂ ਪਰ ਮੈਂ ਪੰਜਾਬ ਉੱਤੇ ਕੰਮ ਕਰਨਾ ਨਹੀਂ ਛੱਡਿਆ। ਸਮਾਂ ਬਦਲਿਆ ਤਾਂ ਮੈਂ ਬਹੁਤ ਵੱਡੇ ਆਕਾਰ ਦੀਆਂ ਪੇਂਟਿੰਗ ਵੀ ਬਣਾਈਆਂ।”
ਜਸਵੀਰ ਮਾਹੀ ਨੇ ਪੰਜਾਬ ਸਰਕਾਰ ਦੀ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਕਈ ਸ਼ਹਿਰਾਂ ਵਿੱਚ ਵੱਡੇ-ਵੱਡੇ ਚਿੱਤਰ ਬਣਾਏ ਹਨ, ਜਿਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਆਪਣੇ ਵਿਹਲੇ ਸਮੇਂ ਵਿੱਚ ਜਸਵੀਰ ਮਾਹੀ ਪੰਜਾਬ ਦੀ ਵਿਭਿੰਨਤਾ ਨੂੰ ਚਿਤਰਦਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦੀ ਕਲਾ ਦਾ ਮਕਸਦ ਪੰਜਾਬ ਦੀ ਖ਼ੂਬਸੂਰਤੀ ਨੂੰ ਆਪਣੀ ਕਲਾ ਰਾਹੀਂ ਲੋਕਾਂ ਸਾਹਮਣੇ ਪੇਸ਼ ਕਰਨਾ ਹੈ।
ਪੰਜਾਬ ਦੀ ਖ਼ੂਬਸੂਰਤੀ ਨੂੰ ਪੇਸ਼ ਕਰਨਾ ਹੀ ਮੇਰੀ ਜ਼ਿੰਦਗੀ ਦਾ ਮਕਸਦ ਹੈ ਚਿੱਤਰਕਾਰ ਜਸਵੀਰ ਮਾਹੀ
More from MotivationalMore posts in Motivational »
Be First to Comment