ਪੰਜਾਬ ਵਿੱਚ ਜੰਗਲ ਅਧੀਨ ਇਲਾਕਾ ਸਿਰਫ਼ 3.67 ਪ੍ਰਤੀਸ਼ਤ ਹੀ ਰਹਿ ਗਿਆ ਹੈ। ਪੰਜਾਬ ਵਿੱਚ ਬੀਤੇ ਕੁੱਝ ਦਹਾਕਿਆਂ ਵਿੱਚ ਹੋਈ ਦਰੱਖਤਾਂ ਦੀ ਕਟਾਈ ਨੇ ਵਾਤਾਵਰਨ ਸੰਕਟ ਖੜਾ ਕਰ ਦਿੱਤਾ ਹੈ। ਇਸਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੇ ਰਵਾਇਤੀ ਦਰੱਖਤਾਂ ਦਾ ਹੋਇਆ ਹੈ। ਵੱਧਦੇ ਸ਼ਹਿਰੀਕਰਨ, ਸਨਅਤੀਕਰਨ, ਕੁਦਰਤ ਤੋਂ ਬੇਮੁਖ ਹੋਈ ਖੇਤੀ, ਸੜਕਾਂ ਦੇ ਤੇਜ਼ੀ ਨਾਲ ਵਧਦੇ ਜੰਗਲਾਂ, ਪੰਜਾਬ ਦੇ ਹਰੇ ਭਰੇ ਵਾਤਾਵਰਨ ਲਈ ਸਰਾਪ ਹੋ ਨਿੱਬੜੇ ਹਨ।
ਪਿੱਪਲ, ਬੋਹੜ, ਝੰਡ, ਕਰੀਰ, ਰੇਰੂ ਆਦਿ ਦਰਜਨਾਂ ਵਿਰਾਸਤੀ ਰੁੱਖ ਪੰਜਾਬ ਦੀ ਧਰਤੀ ਤੋਂ ਅਲੋਪ ਹੋਣ ਕੰਡੇ ਹਨ। ਇਨ੍ਹਾਂ ਦਰੱਖਤਾਂ ਦੀ ਕਟਾਈ ਨਾਲ ਨਾ ਸਿਰਫ਼ ਵਾਤਾਵਰਨ ਪ੍ਰਦੂਸ਼ਿਤ ਹੋਇਆ ਹੈ ਸਗੋਂ ਪੰਛੀਆਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਸੰਕਟ ਵਿੱਚ ਆ ਗਈਆਂ ਹਨ। ਇਸਤੋਂ ਵੀ ਵੱਧ ਅਫ਼ਸੋਸ ਦੀ ਗੱਲ ਹੈ ਕਿ ਨਾਂ ਤਾਂ ਸਰਕਾਰਾਂ ਇਸ ਸੰਕਟ ਪ੍ਰਤੀ ਸੁਹਿਰਦਤਾ ਦਿਖਾ ਰਹੀਆਂ ਹਨ ਨਾਂ ਹੀ ਪੰਜਾਬੀ ਸਮਾਜ ਇਸ ਸੰਕਟ ਦੀ ਗਹਿਰਾਈ ਨੂੰ ਸਮਝ ਸਕਿਆ ਹੈ। ਪਰ ਅਜਿਹੇ ਮਾਹੌਲ਼ ਵਿੱਚ ਵੀ ਕੁੱਝ ਲੋਕ ਜਾਂ ਸੰਸਥਾਵਾਂ ਆਪਣੇ ਪੱਧਰ ਤੇ ਯਤਨ ਕਰ ਰਹੀਆਂ ਹਨ। ਇਹ ਯਤਨ ਵੱਡੇ ਸਮੂਹਿਕ ਯਤਨਾਂ ਦੀ ਲੋੜ ਦੇ ਮੁਕਾਬਲੇ ਬਹੁਤ ਸੂਖਮ ਹਨ ਪਰ ਇਸੇ ਕਰਕੇ ਇਨ੍ਹਾਂ ਯਤਨਾਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਰਾਊਂਡ ਗਲਾਸ ਫਾਉਂਡੇਸ਼ਨ ਨਾਂ ਦੀ ਸੰਸਥਾ ਅਜਿਹੀ ਹੀ ਇੱਕ ਸੰਸਥਾ ਹੈ ਜੋ ਇਨ੍ਹਾਂ ਰਵਾਇਤੀ ਦਰੱਖਤਾਂ ਨੂੰ ਬਚਾਉਣ ਲਈ ਪਿਛਲੇ ਕੁੱਝ ਸਾਲਾਂ ਤੋਂ ਪੰਜਾਬ ਵਿੱਚ ਕਾਰਜਸ਼ੀਲ ਹੈ।
ਸੰਸਥਾ ਦੇ ਕੋਆਰਡੀਨੇਟਰ ਡਾ.ਰਜਨੀਸ਼ ਕੁਮਾਰ ਦੱਸਦੇ ਹਨ “ਰਵਾਇਤੀ ਦਰੱਖਤਾਂ ਦੇ ਪੰਜਾਬ ਵਿੱਚ ਸੰਕਟ ਵਿੱਚ ਹੋਣ ਦੀ ਗਹਿਰਾਈ ਤੁਸੀਂ ਇਸ ਗੱਲ ਤੋਂ ਸਮਝ ਸਕਦੇ ਹੋ ਕਿ ਸਾਨੂੰ ਇਨ੍ਹਾਂ ਦਰੱਖਤਾਂ ਦੀ ਨਰਸਰੀ ਤਿਆਰ ਕਰਨ ਲਈ ਪੰਜਾਬ ਵਿੱਚੋਂ ਬੀਜ ਹੀ ਨਹੀਂ ਮਿਲ ਰਹੇ। ਬਹੁਤ ਸਾਰੇ ਦਰੱਖਤਾਂ ਦੇ ਬੀਜ ਅਸੀਂ ਰਾਜਸਥਾਨ, ਹਰਿਆਣਾ ਆਦਿ ਗੁਆਂਢੀ ਸੂਬਿਆਂ ਤੋਂ ਇਕੱਠੇ ਕੀਤੇ ਹਨ।
ਕੁੱਝ ਬੀਜ ਸਾਨੂੰ ਬਾਹਰਲੇ ਸੂਬਿਆਂ ਤੋਂ ਖ਼ਰੀਦਣੇ ਵੀ ਪਏ ਹਨ।ਇਸੇ ਲਈ ਹੀ ਅਸੀਂ ਇਹ ਯਤਨ ਕਰ ਰਹੇ ਹਾਂ। ਜੇ ਕੁੱਝ ਸਾਲ ਹੋਰ ਗੁਜ਼ਰ ਗਏ ਤਾਂ ਹਾਲਾਤ ਕੀ ਹੋਣਗੇ ਤੁਸੀਂ ਖ਼ੁਦ ਅੰਦਾਜ਼ਾ ਲਾ ਸਕਦੇ ਹੋ।ਸਾਡੀ ਸੰਸਥਾ ਵੱਲੋਂ ਹੁਣ ਤੱਕ ਪੰਜਾਬ ਵਿੱਚ ਦਸ ਲੱਖ ਰਵਾਇਤੀ ਦਰੱਖਤ ਲਗਾਏ ਜਾ ਚੁੱਕੇ ਹਨ ਅਤੇ ਸਾਲ 2023 ਵਿੱਚ ਅਸੀਂ ਇੱਕ ਕਰੋੜ ਰਵਾਇਤੀ ਦਰੱਖਤ ਲਗਾਉਣ ਦਾ ਟੀਚਾ ਮਿਥਿਆ ਹੈ।”
ਦਰੱਖਤਾਂ ਨੂੰ ਬਚਾਉਣ ਦੀ ਇਸ ਮੁਹਿੰਮ ਬਾਰੇ ਹੇਠਲੀ ਵੀਡੀਓ ਵਿੱਚ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਹੈ:-
Be First to Comment