ਅਗਾਂਹਵਧੂ ਕਿਸਾਨ ਮਨਜੀਤ ਸਿੰਘ ਨੇ ਸਫਲਤਾ ਦੀ ਆਪਣੀ ਵੱਖਰੀ ਇਬਾਰਤ ਲਿਖੀ ਹੈ। ਮਨਜੀਤ ਸਿੰਘ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਤੋਂ 25 ਤੋਂ 30 ਲੱਖ ਸਾਲਾਨਾ ਔਸਤ ਕਮਾਈ ਕਰ ਰਹੇ ਹਨ। ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਅਲਕੜਾ ਦੇ ਰਹਿਣ ਵਾਲੇ ਮਨਜੀਤ ਸਿੰਘ ਨੇ 25 ਸਾਲ ਪਹਿਲਾਂ ਮੱਛੀ ਫਾਰਮਿੰਗ ਦਾ ਸਹਾਇਕ ਧੰਦਾ ਸ਼ੁਰੂ ਕੀਤਾ ਸੀ।
ਇਸ ਸਹਾਇਕ ਧੰਦੇ ਦੇ ਦਮ ਤੇ ਹੀ ਉਨ੍ਹਾਂ ਡੇਅਰੀ ਫਾਰਮ, ਮੱਛੀ ਫਾਰਮ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਖੇਤੀਬਾੜੀ ਦੀ ਸਾਰੀ ਮਸ਼ੀਨਰੀ ਵੀ ਇਨ੍ਹਾਂ ਧੰਦਿਆਂ ਦੀ ਆਮਦਨ ਨਾਲ ਹੀ ਖ਼ਰੀਦੀ ਹੈ।ਮਨਜੀਤ ਸਿੰਘ ਸਿਰਫ਼ ਬਾਰਾਂ ਜਮਾਤਾਂ ਪਾਸ ਹਨ ਪਰ ਉਨ੍ਹਾਂ ਆਪਣੇ ਫਾਰਮ ਦਾ ਅਜਿਹਾ ਮਾਡਲ ਤਿਆਰ ਕੀਤਾ ਹੈ ਜਿਸ ਨੂੰ ਦੂਰੋਂ ਦੂਰੋਂ ਲੋਕ ਦੇਖਣ ਆ ਰਹੇ ਹਨ।
ਮਨਜੀਤ ਸਿੰਘ ਦੱਸਦੇ ਹਨ, “ ਜਦੋਂ ਮੈਂ ਖੇਤੀਬਾੜੀ ਆਪਣੇ ਹੱਥ ਲਈ ਉਸ ਸਮੇਂ ਮੇਰੇ ਕੋਲ ਕੁੱਝ ਵੀ ਨਹੀਂ ਸੀ। ਇੱਕ ਪੁਰਾਣਾ ਟਰੈਕਟਰ ਖਰੀਦਿਆ ਜਿਸ ਨਾਲ ਮੈਂ ਆਪਣੇ ਖੇਤ ਵਿੱਚ ਹੀ ਮੱਛੀ ਫਾਰਮ ਆਪਣੇ ਹੱਥੀਂ ਤਿਆਰ ਕਰ ਲਿਆ। ਇਸਦੀ ਕਮਾਈ ਨਾਲ ਹੀ ਕੰਬਾਈਨ ਤੋਂ ਲੈ ਕੇ ਕਾਰ ਤੱਕ ਹਰ ਚੀਜ਼ ਬਣਾਈ। ਚਾਰ ਕਿੱਲੇ ਜ਼ਮੀਨ ਵੀ ਖ਼ਰੀਦ ਲਈ। ਕਦੇ ਕਿਸੇ ਚੀਜ਼ ਲਈ ਕਰਜ਼ਾ ਨਹੀਂ ਲਿਆ। ਦਸ ਕੁ ਸਾਲ ਪਹਿਲਾਂ ਮੈਂ ਮੱਛੀ ਫਾਰਮ ਦੇ ਵਿਚਕਾਰ ਹੀ ਮੁਰਗ਼ੀ ਫਾਰਮ ਤਿਆਰ ਕਰ ਲਿਆ। ਮੇਰੇ ਕੋਲ ਚੰਗੀ ਨਸਲ ਦੇ 15-20 ਦੁਧਾਰੂ ਪਸ਼ੂ ਹਮੇਸ਼ਾ ਰਹਿੰਦੇ ਹਨ। ਇਨ੍ਹਾਂ ਸਾਰੇ ਕੰਮਾਂ ਦੀ ਵਿਉਂਤ ਹੀ ਇਸ ਹਿਸਾਬ ਨਾਲ ਕੀਤੀ ਹੈ ਕਿ ਦਿਨ ਵਿੱਚ ਚਾਰ ਘੰਟੇ ਕੰਮ ਕਰਕੇ ਹੀ ਮੈਂ ਆਪਣੇ ਫਾਰਮ ਤੋਂ 25 ਤੋਂ 30 ਲੱਖ ਸਾਲਾਨਾ ਆਰਾਮ ਨਾਲ ਕਮਾ ਲੈਂਦਾ ਹਾਂ।”
ਮਨਜੀਤ ਸਿੰਘ ਦੇ ਇਸ ਨਿਵੇਕਲੇ ਫਾਰਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਹੇਠਲੀ ਵੀਡੀਓ ਵਿੱਚ ਦੇਖੀ ਜਾ ਸਕਦੀ ਹੈ:-
Be First to Comment