ਪੰਜਾਬ ਦੀ ਪਿੰਡਾਂ ਵਿੱਚ ਰਹਿਣ ਵਾਲੀ ਆਬਾਦੀ ਦਾ ਵੱਡਾ ਹਿੱਸਾ ਅੱਜ ਵੀ ਖੇਤੀਬਾੜੀ ਉੱਤੇ ਹੀ ਨਿਰਭਰ ਹੈ। ਹਰੀ ਕ੍ਰਾਂਤੀ ਦੇ ਨਾਂ ਤੇ ਲੋੜ ਤੋਂ ਜ਼ਿਆਦਾ ਉਤਪਾਦਨ ਦੇਣ ਵਾਲੀ ਪੰਜਾਬ ਦੀ ਖੇਤੀ ਹੁਣ ਸੰਕਟ ਦਾ ਸ਼ਿਕਾਰ ਹੈ। ਕਿਸਾਨਾਂ ਦੇ ਲਾਗਤ ਖ਼ਰਚੇ ਵਧਦੇ ਜਾ ਰਹੇ ਹਨ। ਬੇਲੋੜੀ ਮਸ਼ੀਨਰੀ ਨੇ ਜਿੱਥੇ ਕਿਸਾਨਾਂ ਨੂੰ ਕਰਜ਼ਾਈ ਕੀਤਾ ਹੈ ਓਥੇ ਖੇਤ ਮਜ਼ਦੂਰਾਂ ਅਤੇ ਹੋਰ ਸਹਾਇਕ ਧੰਦਿਆਂ ਵਿਚਲੇ ਲੋਕਾਂ ਲਈ ਖੇਤੀ ਚੋਂ ਆਮਦਨ ਦੇ ਸਾਧਨ ਸੀਮਤ ਕਰ ਦਿੱਤੇ ਹਨ। ਕਣਕ ਝੋਨੇ ਦੀ ਖੇਤੀ ਖ਼ਾਸਕਰ ਛੋਟੇ ਕਿਸਾਨਾਂ ਲਈ ਤਾਂ ਕਰਜ਼ੇ ਅਤੇ ਖੁਦਕੁਸ਼ੀਆਂ ਦਾ ਕਾਰਨ ਹੀ ਬਣੀ ਹੈ। ਇਸ ਸੰਕਟ ਨੂੰ ਪੈਦਾ ਕਰਨ ਅਤੇ ਇਸਦੇ ਹੱਲ ਲਈ ਸਰਕਾਰਾਂ ਅਤੇ ਕਿਸਾਨ ਧਿਰਾਂ ਦੇ ਆਪਣੇ-ਆਪਣੇ ਦਾਅਵੇ ਹਨ ਪਰ ਇਸ ਸੰਕਟ ਵਿੱਚੋਂ ਇੱਕ ਚੀਜ਼ ਜੋ ਸ਼ੀਸ਼ੇ ਵਾਂਗ ਸਾਫ਼ ਹੋਈ ਹੈ ਕਿ ਦੋ ਫ਼ਸਲੀ ਚੱਕਰ ਕਿਸੇ ਵੀ ਤਰਾਂ ਪੰਜਾਬ ਦੇ ਜਾਂ ਕਿਸਾਨਾਂ ਦੇ ਹਿਤ ਵਿੱਚ ਨਹੀਂ ਹੈ। ਇਸ ਹਕੀਕਤ ਨੂੰ ਕਿਸਾਨ ਸਮਝਣ ਵੀ ਲੱਗੇ ਹਨ ਅਤੇ ਇਸਦੇ ਬਦਲਵੇਂ ਹੱਲ ਵੀ ਉਹ ਆਪਣੇ ਤੌਰ ਤੇ ਖੋਜ ਰਹੇ ਹਨ। ਬਰਨਾਲਾ ਜ਼ਿਲ੍ਹੇ ਦੇ ਪਿੰਡ ਵਾਹਿਗੁਰੂ ਪੁਰਾ ਦਾ ਰਹਿਣ ਵਾਲਾ ਕਿਸਾਨ ਅੰਮ੍ਰਿਤ ਸਿੰਘ ਅਜਿਹਾ ਹੀ ਕਿਸਾਨ ਹੈ।
ਅੰਮ੍ਰਿਤ ਪਿਛਲੇ ਕਈ ਸਾਲਾਂ ਤੋਂ ਸਫਲਤਾ ਨਾਲ ਕੁਦਰਤ ਪੱਖੀ ਖੇਤੀ ਕਰ ਰਿਹਾ ਹੈ। ਅੰਮ੍ਰਿਤ ਸਿੰਘ ਕਣਕ-ਝੋਨੇ ਦੀ ਬਜਾਏ ਆਪਣੇ ਖੇਤ ਵਿੱਚ ਰੁੱਤ ਮੁਤਾਬਿਕ ਬਦਲਵੀਂਆਂ ਫ਼ਸਲਾਂ ਦੀ ਖੇਤੀ ਕਰ ਰਿਹਾ ਹੈ। ਪਿਛਲੇ ਤਿੰਨ ਸਾਲ ਦੇ ਤਜਰਬਿਆਂ ਨਾਲ ਅੰਮ੍ਰਿਤ ਨੇ ਗੰਢਿਆਂ ਦੀ ਖੇਤੀ ਵਿੱਚੋਂ ਕਣਕ ਝੋਨੇ ਨਾਲੋਂ ਤਿੱਗਣਾ ਮੁਨਾਫ਼ਾ ਕਮਾਇਆ ਹੈ।
ਅੰਮ੍ਰਿਤ ਸਿੰਘ ਮੁਤਾਬਿਕ, “ਗੰਢੇ ਪੰਜ ਮਹੀਨੇ ਦੀ ਫ਼ਸਲ ਹੈ। ਇਸ ਦੀ ਖੇਤੀ ਤੋਂ ਅਣਜਾਣ ਕਿਸਾਨ ਵੀ ਇੱਕ ਸੀਜ਼ਨ ਵਿੱਚ ਕਿੱਲੇ ਦਾ 120 ਕੁਇੰਟਲ ਝਾੜ ਆਰਾਮ ਨਾਲ ਲੈ ਸਕਦਾ ਹੈ। ਜੇ ਦਸ ਰੁਪਏ ਵੀ ਪਿਆਜ਼ ਵਿਕਿਆ ਤਾਂ ਇੱਕ ਲੱਖ ਵੀਹ ਹਜ਼ਾਰ ਦੀ ਫ਼ਸਲ ਹੋਈ। ਇਸੇ ਖੇਤ ਵਿੱਚੋਂ ਕਿਸਾਨ ਦੋ ਫ਼ਸਲਾਂ ਸਾਲ ਦੀਆਂ ਹੋਰ ਲੈ ਸਕਦਾ ਹੈ। ਹੋਰ ਕੋਈ ਵੀ ਫ਼ਸਲ ਇੰਨੀ ਕਮਾਈ ਨਹੀਂ ਦੇ ਸਕਦੀ।
ਬੱਸ ਇਸ ਖੇਤੀ ਵਿੱਚ ਬਾਕੀ ਫ਼ਸਲਾਂ ਦੇ ਮੁਕਾਬਲੇ ਮਿਹਨਤ ਜ਼ਿਆਦਾ ਹੈ। ਜੇ ਤੁਸੀਂ ਪਰਚੂਨ ਵਿੱਚ ਵੇਚ ਸਕਦੇ ਹੋ ਤਾਂ ਕਮਾਈ ਹੋਰ ਵੀ ਜ਼ਿਆਦਾ ਹੋ ਸਕਦੀ ਹੈ। ਮੇਰੇ ਪਿੰਡ ਦੇ ਕੁੱਝ ਨੌਜਵਾਨ ਹਰ ਸਾਲ 15 ਤੋਂ 20 ਟਰਾਲੇ ਗੰਢਿਆਂ ਦੇ ਨਾਸਿਕ ਤੋਂ ਲਿਆ ਕੇ ਬਰਨਾਲੇ ਵੇਚਦੇ ਹਨ। ਜੇ ਮੇਰੇ ਪਿੰਡ ਦੇ ਕਿਸਾਨ ਵੀ ਗੰਢਿਆਂ ਦੀ ਖੇਤੀ ਕਰਨ ਤਾਂ ਇਸ ਖਪਤ ਦਾ ਬਦਲ ਉਹ ਬੜੇ ਆਰਾਮ ਨਾਲ ਬਣ ਸਕਦੇ ਹਨ।”
ਅੰਮ੍ਰਿਤ ਦੀ ਖੇਤੀ ਵਿਧੀ ਬਾਰੇ ਹੋਰ ਜਾਣਕਾਰੀ ਲਈ ਹੇਠਲੀ ਵੀਡੀਓ ਵਿੱਚ ਵਿਸਥਾਰ ਸਹਿਤ ਗੱਲਬਾਤ ਕੀਤੀ ਗਈ ਹੈ:-
Be First to Comment