ਜਸਵਿੰਦਰ ਸਿੰਘ ਇੱਕ ਉੱਦਮੀ ਕਿਸਾਨ ਹਨ। ਅੱਜ ਤੋਂ ਦਸ ਕੁ ਸਾਲ ਪਹਿਲਾ ਜਸਵਿੰਦਰ ਸਿੰਘ ਅਤੇ ਉਸਦਾ ਪਰਿਵਾਰ ਵੀ ਰਵਾਇਤੀ ਕਣਕ-ਝੋਨੇ ਵਾਲੀ ਖੇਤੀ ਹੀ ਕਰਦੇ ਸਨ। ਨਵੇਂ ਤਜਰਬਿਆਂ ਦੀ ਇੱਛਾ ਜਸਵਿੰਦਰ ਸਿੰਘ ਨੂੰ ਨਰਸਰੀ ਤਿਆਰ ਕਰਨ ਵਾਲੇ ਪਾਸੇ ਲੈ ਗਈ। ਜਸਵਿੰਦਰ ਸਿੰਘ ਨੇ ਦੋ ਕੁ ਕਨਾਲ਼ਾਂ ਤੋਂ ਸਬਜ਼ੀਆਂ ਦੀ ਨਰਸਰੀ ਦੀ ਸ਼ੁਰੂਆਤ ਕੀਤੀ ਸੀ ਪਰ ਲੋਕਾਂ ਦੇ ਹੁੰਗਾਰੇ ਨੂੰ ਦੇਖਦੇ ਹੋਏ ਉਨ੍ਹਾਂ ਹੌਲੀ-ਹੌਲੀ ਇਸਦਾ ਰਕਬਾ ਵਧਾਉਣਾ ਸ਼ੁਰੂ ਕਰ ਦਿੱਤਾ। ਹੁਣ ਉਨ੍ਹਾਂ ਦੀ ਨਰਸਰੀ 8 ਏਕੜ ਰਕਬੇ ਵਿੱਚ ਫੈਲੀ ਹੋਈ ਹੈ। ਆਪਣੇ ਖੇਤ ਵਿੱਚ ਹੀ ਜਸਵਿੰਦਰ ਸਿੰਘ ਨੇ ਇੱਕ ਦੁਕਾਨ ਤਿਆਰ ਕੀਤੀ ਹੋਈ ਹੈ ਜਿੱਥੋਂ ਲੋਕ ਆਪਣੀ ਘਰੇਲੂ ਬਗੀਚੀ ਅਤੇ ਖੇਤ ਵਿੱਚ ਬੀਜਣ ਲਈ ਸਬਜ਼ੀਆਂ ਦੀ ਪੌਦ ਅਤੇ ਬੀਜ ਖ਼ਰੀਦ ਕੇ ਲਿਜਾਂਦੇ ਹਨ।
ਜਸਵਿੰਦਰ ਸਿੰਘ ਦੱਸਦੇ ਹਨ, “ਕਈ ਸਾਲ ਪਹਿਲਾਂ ਮੈਂ ਪਿਆਜ਼ ਦੀ ਨਰਸਰੀ ਬਾਰੇ ਇੱਕ ਵੀਡੀਓ ਦੇਖੀ। ਮੇਰੀ ਇਸ ਵਿੱਚ ਦਿਲਚਸਪੀ ਪੈਦਾ ਹੋ ਗਈ। ਮੈਂ ਕਈ ਅਜਿਹੇ ਕਿਸਾਨਾਂ ਨਾਲ ਸੰਪਰਕ ਕੀਤਾ ਜੋ ਪਹਿਲਾਂ ਤੋਂ ਹੀ ਇਸ ਕਿੱਤੇ ਨਾਲ ਜੁੜੇ ਹੋਏ ਸਨ। ਫਿਰ ਮੈਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੇਲਿਆਂ ਤੇ ਜਾਣ ਲੱਗ ਪਿਆ। ਓਥੋਂ ਜਾਣਕਾਰੀ ਹਾਸਲ ਕਰਕੇ ਮੈਂ ਪਿਆਜ਼ਾਂ ਦੀ ਪਨੀਰੀ ਤੋਂ ਕੰਮ ਸ਼ੁਰੂ ਕੀਤਾ ਸੀ। ਹੁਣ ਮੈਂ ਆਲੂ, ਪਿਆਜ਼ ਸਮੇਤ ਹਰ ਸਬਜ਼ੀ ਦੀ ਪਨੀਰੀ ਅਤੇ ਬੀਜ ਆਪਣੇ ਖੇਤ ਵਿੱਚੋਂ ਹੀ ਵੇਚਦਾ ਹਾਂ। ਜੇ ਆਮਦਨ ਦੀ ਗੱਲ ਕਰਾਂ ਤਾਂ ਕਣਕ-ਝੋਨੇ ਦੀ ਖੇਤੀ ਨਾਲੋਂ ਮੈਂ ਪੰਜ ਗੁਣਾ ਵੱਧ ਮੁਨਾਫ਼ਾ ਕਮਾ ਰਿਹਾ ਹਾਂ ਪਰ ਇਸ ਵਿੱਚ ਮਿਹਨਤ ਵੀ ਆਮ ਖੇਤੀ ਨਾਲੋਂ ਕਿਤੇ ਜ਼ਿਆਦਾ ਹੈ। ਸਬਜ਼ੀਆਂ ਦੀ ਪਨੀਰੀ ਦਾ ਗਰਮੀ ਸਰਦੀ ਅਤੇ ਮੀਂਹ ਤੋਂ ਬੱਚਿਆਂ ਵਾਂਗ ਖ਼ਿਆਲ ਰੱਖਣਾ ਪੈਂਦਾ ਹੈ। ਇਹ ਕੰਮ ਕੋਈ ਵੀ ਕਿਸਾਨ ਕਰ ਸਕਦਾ ਹੈ ਜੋ ਮਿਹਨਤ ਕਰਨ ਲਈ ਤਿਆਰ ਹੋਵੇ। ਪੂਰੀ ਜਾਣਕਾਰੀ ਲੈ ਕੇ, ਥੋੜੇ ਰਕਬੇ ਤੋਂ ਕੰਮ ਸ਼ੁਰੂ ਕੀਤਾ ਜਾਵੇ।”
ਜਸਵਿੰਦਰ ਸਿੰਘ ਦੇ ਕੰਮ ਬਾਰੇ ਹੇਠ ਲਿਖੇ ਲਿੰਕ ਨੂੰ ਖ਼ੋਲ ਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ।
Be First to Comment