ਅੱਜ ਦੇ ਸਮੇਂ ਵਿੱਚ ਪੰਜਾਬ ਵਿੱਚ ਸਭ ਤੋਂ ਵੱਡਾ ਸੰਕਟ ਰੋਜ਼ਗਾਰ ਦਾ ਹੈ।ਤੇਜ਼ੀ ਨਾਲ ਘਟਦੇ ਰੋਜ਼ਗਾਰ ਦੇ ਮੌਕਿਆਂ ਕਰਕੇ ਪੰਜਾਬ ਵਿੱਚੋਂ ਪ੍ਰਵਾਸ ਕਰਨ ਦੇ ਰੁਝਾਨ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਆਈ ਹੈ। ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਖੁੰਬਾਂ ਦੀ ਤਰਾਂ ਆਈਲੈੱਟਸ ਸੈਂਟਰ ਅਤੇ ਇਮੀਗਰੇਸ਼ਨ ਦੇ ਦਫ਼ਤਰ ਇਸ ਸਮੇਂ ਦੌਰਾਨ ਖੁੱਲੇ ਹਨ। ਲਗਭਗ ਹਰ ਨੌਜਵਾਨ ਵਿਦੇਸ਼ ਪਹੁੰਚਣ ਦੇ ਤਰੱਦਦ ਵਿੱਚ ਲੱਗਾ ਹੋਇਆ ਹੈ ਜਾਂ ਮਾਨਸਿਕ ਤੌਰ ਤੇ ਤਾਂ ਉਹ ਆਪਣੇ ਸੁਪਨਿਆਂ ਦੇ ਦੇਸ਼ ਵਿੱਚ ਪਹੁੰਚ ਹੀ ਚੁੱਕਾ ਹੈ।ਅਜਿਹੇ ਵਿੱਚ ਇਹ ਸਵਾਲ ਵਾਜਬ ਬਣਦਾ ਹੈ ਕਿ ਕੀ ਪੰਜਾਬ ਆਉਣ ਵਾਲੇ ਕੁੱਝ ਦਹਾਕਿਆਂ ਬਾਅਦ ਪੰਜਾਬੀਆਂ ਤੋਂ ਸੱਖਣਾ ਹੋ ਜਾਵੇਗਾ? ਕੀ ਪੰਜਾਬ ਵਿੱਚ ਸਿਰਫ਼ ਬਜ਼ੁਰਗ ਰਹਿ ਜਾਣਗੇ ਜਾਂ ਉਹ ਲੋਕ ਰਹਿ ਜਾਣਗੇ ਜੋ ਕਿਸੇ ਕਾਰਨ ਵਿਦੇਸ਼ ਨਹੀਂ ਜਾ ਸਕੇ? ਲਗਾਤਾਰ ਘੱਟ ਹੁੰਦੀਆਂ ਜਾ ਰਹੀਆਂ ਸਰਕਾਰੀ ਨੌਕਰੀਆਂ ਅਤੇ ਪ੍ਰਾਈਵੇਟ ਖੇਤਰ ਦੀਆਂ ਘੱਟ ਤਨਖ਼ਾਹ ਅਤੇ ਵੱਧ ਕੰਮ ਹੀ ਪਿੱਛੇ ਬਚੇ ਲੋਕਾਂ ਦੀ ਕਿਸਮਤ ਬਣ ਕੇ ਰਹਿ ਜਾਵੇਗਾ?
ਇਨ੍ਹਾਂ ਸਵਾਲਾਂ ਦੇ ਜਵਾਬ ਓਨੇ ਹੀ ਗੁੰਝਲਦਾਰ ਹਨ ਜਿੰਨੇ ਇਹ ਮਸਲੇ ਹਨ ਪਰ ਕੁੱਝ ਲੋਕ ਅਜਿਹੇ ਵੀ ਹਨ ਜੋ ਅਤਿ ਦੀਆਂ ਨਿਰਾਸ਼ਾਜਨਕ ਹਾਲਤਾਂ ਵਿੱਚ ਵੀ ਆਪਣਾ ਵੱਖਰਾ ਰਾਹ ਬਣਾ ਹੀ ਲੈਂਦੇ ਹਨ। ਅਜਿਹਾ ਹੀ ਨੌਜਵਾਨ ਹੈ ਪੰਜਾਬ ਦੇ ਮੁਕਤਸਰ ਸ਼ਹਿਰ ਦਾ ਰਹਿਣ ਵਾਲਾ ਸਰਬਜੀਤ ਸਿੰਘ। ਸਰਬਜੀਤ ਸਿੰਘ ਰਾਜਨੀਤੀ ਸ਼ਾਸਤਰ ਵਿੱਚ ਐੱਮਏ ਪਾਸ ਹੈ, ਕੰਪਿਊਟਰ ਦਾ ਡਿਪਲੋਮਾ ਵੀ ਕੀਤਾ ਹੋਇਆ ਹੈ।ਸਰਬਜੀਤ ਦਾ ਪੰਜਾਬ ਸਰਕਾਰ ਵੱਲੋਂ ਲਿਆ ਜਾਣ ਵਾਲਾ ਅਧਿਆਪਕ ਯੋਗਤਾ ਟੈੱਸਟ ਵੀ ਪਾਸ ਕੀਤਾ ਹੋਇਆ ਹੈ।ਕੁੱਝ ਸਾਲ ਸਰਬਜੀਤ ਨੇ ਸਰਕਾਰੀ ਨੌਕਰੀ ਦੀ ਭਾਲ ਕੀਤੀ, ਵਿਦੇਸ਼ ਜਾ ਕੇ ਵੱਸਣ ਦਾ ਖ਼ਿਆਲ ਵੀ ਮਨ ਵਿੱਚ ਆਇਆ ਪਰ ਅਖੀਰ ਸਰਬਜੀਤ ਨੇ ਨਿਵੇਕਲਾ ਫ਼ੈਸਲਾ ਲਿਆ। ਸਰਬਜੀਤ ਨੇ ਵਿਦੇਸ਼ ਤੋਂ ਵਾਪਸ ਆਏ ਆਪਣੇ ਇੱਕ ਦੋਸਤ ਨਾਲ ਮਿਲ ਕੇ ਮੁਕਤਸਰ ਸ਼ਹਿਰ ਵਿੱਚ ਬੇਕਰੀ ਦੀ ਦੁਕਾਨ ਖੋਲ੍ਹ ਲਈ।ਦੋਵਾਂ ਦੋਸਤਾਂ ਨੇ ਹੱਥੀਂ ਕੰਮ ਕਰਦਿਆਂ ਤਿੰਨ ਸਾਲਾਂ ਵਿੱਚ ਹੀ ਇਸ ਨੂੰ ਇੰਨਾ ਕੁ ਕਾਮਯਾਬ ਕਰ ਲਿਆ ਕਿ ਹੁਣ ਉਹ 10 ਹੋਰ ਲੋਕਾਂ ਨੂੰ ਵੀ ਰੋਜ਼ਗਾਰ ਦੇ ਰਹੇ ਹਨ।
ਇਸ ਉਤਸ਼ਾਹੀ ਅਤੇ ਸੰਭਾਵਨਾਵਾਂ ਨਾਲ ਭਰਪੂਰ ਨੌਜਵਾਨ ਦੀ ਕਹਾਣੀ ਤੁਸੀਂ ਹੇਠ ਲਿਖੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ
Be First to Comment